ਸਿੱਖ ਕਕਾਰਾਂ ਦੀ ਬੇਅਦਬੀ, ਪਾਠ ਕਰਨ ਤੋਂ ਰੋਕਿਆ; ਵਾਰਿਸ ਪੰਜਾਬ ਦੇ ਵੱਲੋਂ ਜੇਲ੍ਹ ਚ ਸਿੱਖ ਕੈਦੀਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼

ਸਿੱਖ ਕਕਾਰਾਂ ਦੀ ਬੇਅਦਬੀ, ਪਾਠ ਕਰਨ ਤੋਂ ਰੋਕਿਆ; ਵਾਰਿਸ ਪੰਜਾਬ ਦੇ ਵੱਲੋਂ ਜੇਲ੍ਹ ਚ ਸਿੱਖ ਕੈਦੀਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼

ਸਿੱਖ ਕਕਾਰਾਂ ਦੀ ਬੇਅਦਬੀ, ਪਾਠ ਕਰਨ ਤੋਂ ਰੋਕਿਆ; ਵਾਰਿਸ ਪੰਜਾਬ ਦੇ ਵੱਲੋਂ ਜੇਲ੍ਹ ਚ ਸਿੱਖ ਕੈਦੀਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼
ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜਥੇਬੰਦੀ ਨੇ ਸੋਮਵਾਰ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਪਰੇਸ਼ਾਨ ਕਰਨ ਅਤੇ ਉਨ੍ਹਾਂ ਦੇ ਕਕਾਰਾਂ ਦੀ ਬੇਅਦਬੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਜਥੇਬੰਦੀ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਡੀ ਜੀ ਪੀ (ਜੇਲ੍ਹਾਂ) ਤੋਂ ਤੁਰੰਤ ਜਵਾਬ ਦੀ ਮੰਗ ਕੀਤੀ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚੋਂ ਸਾਹਮਣੇ ਆ ਰਹੀਆਂ ਰਿਪੋਰਟਾਂ ਗੰਭੀਰ ਅਤੇ ਚਿੰਤਾਜਨਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰਿਪੋਰਟਾਂ ਸਿੱਖ ਕੈਦੀਆਂ ਨਾਲ ਹੋ ਰਹੇ ਮਾੜੇ ਸਲੂਕ 'ਤੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ। ਬਠਿੰਡਾ ਜੇਲ੍ਹ ਤੋਂ ਆਈ ਇੱਕ ਕਥਿਤ ਫ਼ੋਨ ਕਾਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਨੇ ਜੇਲ੍ਹ ਪ੍ਰਸ਼ਾਸਨ 'ਤੇ ਪਰੇਸ਼ਾਨ ਕਰਨ ਅਤੇ ਪਾਠ ਨਾ ਕਰਨ ਦੇਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਸ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ।
ਤਰਸੇਮ ਸਿੰਘ ਨੇ ਮੁਕਤਸਰ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੰਨੀ ਨਾਲ ਜੁੜੀਆਂ ਕਥਿਤ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਤਲਾਸ਼ੀ ਲੈਣ ਸਮੇਂ ਗੁਟਕਾ ਸਾਹਿਬ ਰੱਖੇ ਹੋਣ ਦੇ ਬਾਵਜੂਦ ਅਧਿਕਾਰੀ ਜੁੱਤੀਆਂ ਪਾ ਕੇ ਉਸ ਦੀ ਬੈਰਕ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਇਸ ਕਾਰਵਾਈ ਨੂੰ ਸਿੱਖ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਾਰ ਦਿੱਤਾ। 'ਵਾਰਿਸ ਪੰਜਾਬ ਦੇ' ਆਗੂ ਨੇ ਦੋਸ਼ ਲਗਾਇਆ ਕਿ ਜੇਲ੍ਹਾਂ ਵਿੱਚ ਸੱਤਾਧਾਰੀ ਪਾਰਟੀ ਦੇ ਨਾਲ ਜੁੜੇ ਲੋਕਾਂ ਨੂੰ ਖ਼ਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਸਿੱਖ ਕੈਦੀਆਂ ਨਾਲ ਵਿਤਕਰੇ ਭਰਿਆ ਸਲੂਕ ਕੀਤਾ ਜਾ ਰਿਹਾ ਹੈ ਜੇਲ੍ਹ ਅਧਿਕਾਰੀਆਂ ਦੇ ਕਥਿਤ ਵਿਵਹਾਰ ਦੀ ਨਿਖੇਧੀ ਕਰਦਿਆਂ ਤਰਸੇਮ ਸਿੰਘ ਨੇ ਸਵਾਲ ਕੀਤਾ ਕਿ ਕੀ ਜੇਲ੍ਹਾਂ ਵਿੱਚ ਕੈਦੀਆਂ ਦੇ ਮੌਲਿਕ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਡੀ ਜੀ ਪੀ (ਜੇਲ੍ਹਾਂ) ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਸਖ਼ਤ ਕਾਰਵਾਈ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੁੱਦਿਆਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਜਲਦੀ ਹੀ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਦਾ ਫੈਸਲਾ ਕਰੇਗੀ।