ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ

ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ

ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ
ਸਥਾਨਕ ਅਦਾਲਤ ਨੇ ਅੱਜ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਪੰਜ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਪੁਲੀਸ ਪੁੱਛ-ਗਿੱਛ ਦੌਰਾਨ ਲਾਲਜੀਤ ਤੋਂ ਮੋਬਾਈਲ ਫੋਨ ਸਮੇਤ ਸਬੂਤ ਬਰਾਮਦ ਕਰਨ ਵਿੱਚ ਨਾਕਾਮ ਰਹੀ ਹੈ। ਉਸ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਰੰਧਾਵਾ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਈ ਸੀ, ਜਿਸ ’ਚ ਉਸ ਨੇ ਆਪਣੀ ਮੌਤ ਲਈ ਲਾਲਜੀਤ ਸਿੰਘ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਰੰਧਾਵਾ ਅਤੇ ਉਸ ਦੇ ਨਿੱਜੀ ਸਹਾਇਕ ਦਿਲਬਾਗ ਸਿੰਘ ਨੂੰ ਵੀ ਨਾਮਜ਼ਦ ਕੀਤਾ ਸੀ। ਪੁਲੀਸ ਨੇ ਦੋਹਾਂ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੋਇਆ ਹੈ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕਣ।
ਪੁਲੀਸ ਅਧਿਕਾਰੀ ਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਦੋਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ। ਅੱਜ ਅਦਾਲਤ ਵਿੱਚ ਲਾਲਜੀਤ ਸਿੰਘ ਭੁੱਲਰ ਦੀ ਪੇਸ਼ੀ ਸਮੇਂ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਕਿਉਂਕਿ ਅਜੇ ਤੱਕ ਉਹ ਮੋਬਾਈਲ ਫੋਨ ਬਰਾਮਦ ਨਹੀਂ ਹੋਇਆ ਜਿਸ ਵਿੱਚ ਰੰਧਾਵਾ ਦੇ ਕਥਿਤ ਇਕਬਾਲੀਆ ਬਿਆਨ ਦੀ ਵੀਡੀਓ ਬਣਾਈ ਗਈ ਸੀ। ਬਚਾਅ ਪੱਖ ਦੇ ਵਕੀਲ ਅਜੈ ਕੁਮਾਰ ਵਿਰਮਾਨੀ ਨੇ ਦਲੀਲ ਦਿੱਤੀ ਕਿ ਪੁਲੀਸ ਸ਼ੁਰੂਆਤੀ ਰਿਮਾਂਡ ਦੀ ਮਿਆਦ ਦੌਰਾਨ ਕੋਈ ਰਿਕਵਰੀ ਨਾ ਕਰਨ ਤੋਂ ਬਾਅਦ ਹੋਰ ਹਿਰਾਸਤ ਨੂੰ ਜਾਇਜ਼ ਠਹਿਰਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਪੁਲੀਸ ਦੀ ਦਲੀਲ ਨੂੰ ‘ਅਦਾਲਤ ਨੂੰ ਗੁਮਰਾਹ ਕਰਨ’ ਦੀ ਕੋਸ਼ਿਸ਼ ਦੱਸਿਆ। ਪੁਲੀਸ ਨੇ ਕਿਹਾ ਕਿ ਭੁੱਲਰ ਤੋਂ ਹੋਰ ਹਿਰਾਸਤੀ ਪੁੱਛ-ਗਿੱਛ ਜ਼ਰੂਰੀ ਹੈ ਤਾਂ ਜੋ ਮਾਮਲੇ ਦੇ ਹੋਰ ਮੁਲਜ਼ਮਾਂ ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।