ਇਰਾਨ ਵੱਲੋਂ ਖਾੜੀ ਮੁਲਕਾਂ ਦੀਆਂ ਰਿਫਾਇਨਰੀਆਂ ’ਤੇ ਹਮਲੇ

ਇਰਾਨ ਵੱਲੋਂ ਖਾੜੀ ਮੁਲਕਾਂ ਦੀਆਂ ਰਿਫਾਇਨਰੀਆਂ ’ਤੇ ਹਮਲੇ

ਇਰਾਨ ਵੱਲੋਂ ਖਾੜੀ ਮੁਲਕਾਂ ਦੀਆਂ ਰਿਫਾਇਨਰੀਆਂ ’ਤੇ ਹਮਲੇ 
ਦੁਬਈ-ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮੁੱਖ ਕੁਦਰਤੀ ਗੈਸ ਖੇਤਰ ’ਤੇ ਹਮਲੇ ਮਗਰੋਂ ਤਹਿਰਾਨ ਨੇ ਖਾੜੀ ਵਿੱਚ ਅਰਬ ਮੁਲਕਾਂ ਦੇ ਊਰਜਾ ਟਿਕਾਣਿਆਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਤਹਿਰਾਨ ਨੇ ਵੀਰਵਾਰ ਨੂੰ ਲਾਲ ਸਾਗਰ ਵਿੱਚ ਸਾਊਦੀ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿੱਚ ਕਤਰ ਦੀਆਂ ਤਰਲ ਕੁਦਰਤੀ ਗੈਸ ਟਿਕਾਣਿਆਂ ਅਤੇ ਦੋ ਕੁਵੈਤੀ ਤੇਲ ਰਿਫਾਇਨਰੀਆਂ ਨੂੰ ਅੱਗ ਲੱਗ ਗਈ। ਇਸ ਦੌਰਾਨ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਨੇ ਅਮਰੀਕਾ ਦਾ ਜੀ35 ਲੜਾਕੂ ਜਹਾਜ਼ ਫੁੰਡਣ ਦਾ ਦਾਅਵਾ ਕੀਤਾ ਹੈ। ਖ਼ਬਰ ਏਜੰਸੀ ਸੀ ਐੱਨ ਐੱਨ ਨੇ ਕਿਹਾ ਕਿ ਅਮਰੀਕੀ ਜਹਾਜ਼ ਨੂੰ ਇਰਾਨੀ ਹਮਲੇ ਮਗਰੋਂ ਹੰਗਾਮੀ ਲੈਂਡਿੰਗ ਕਰਨੀ ਪਈ ਹੈ।
ਮੱਧ ਪੂਰਬ ਵਿੱਚ ਟਕਰਾਅ ਵਧਣ ਤੇ ਇਕ ਦੂਜੇ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਆਲਮੀ ਪੱਧਰ ’ਤੇ ਤੇਲ ਕੀਮਤਾਂ ਨੇ ਸ਼ੂਟ ਵੱਟ ਲਈ ਹੈ।
ਆਲਮੀ ਸੰਕਟ ਵਧਣ ਦੇ ਫ਼ਿਕਰਾਂ ਦਰਮਿਆਨ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ 114 ਅਮਰੀਕੀ ਡਾਲਰ ਪ੍ਰਤੀ ਬੈਰਲ ਨੂੰ ਪਹੁੰਚ ਗਈਆਂ। ਅਮਰੀਕਾ ਤੇ ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਇਰਾਨ ’ਤੇ ਹਮਲਿਆਂ ਨਾਲ ਸ਼ੁਰੂ ਕੀਤੀ ਜੰੰਗ ਮਗਰੋਂ ਹੁਣ ਤੱਕ ਤੇਲ ਕੀਮਤਾਂ ’ਚ 57 ਫ਼ੀਸਦ ਦਾ ਇਜ਼ਾਫ਼ਾ ਹੋਇਆ ਹੈ।
ਇਰਾਨੀ ਹਮਲੇ ’ਚ ਸੰਯੁਕਤ ਅਰਬ ਅਮੀਰਾਤ ਦੇ ਸਾਹਿਲ ’ਤੇ ਬੇੜੇ ਨੂੰ ਅੱਗ ਲੱਗ ਗਈ ਤੇ ਕਤਰ ਨੇੜੇ ਇਕ ਹੋਰ ਬੇੜੇ ਨੂੰ ਨੁਕਸਾਨ ਪੁੱਜਾ। ਇਰਾਨ ਨੇ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਉੱਤੇ ਆਪਣੀ ਪਕੜ ਬਣਾਈ ਹੋਈ ਹੈ।
ਸਾਊਦੀ ਅਰਬ ਨੇ ਹਾਲਾਂਕਿ ਤੇਲ ਬਰਾਮਦਗੀ ਲਈ ਹਰਮੁਜ਼ ਜਲ ਮਾਰਗ ਦੀ ਥਾਂ ਲਾਲ ਸਾਗਰ ਵਾਲਾ ਰੂਟ ਫੜਿਆ ਹੈ ਪਰ ਇਰਾਨ ਵੱਲੋਂ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਯਾਂਬੂ ਦੀ ‘ਸਾਮਰੇਫ’ ਰਿਫਾਇਨਰੀ ’ਤੇ ਹਮਲੇ ਨਾਲ ਇਸ ਰੂਟ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਡਰੋਨ ਹਮਲੇ ਨਾਲ ਕੁਵੈਤ ਦੀ ਮੀਨਾ ਅਲ-ਅਹਿਮਦੀ ਰਿਫਾਇਨਰੀ ਵਿੱਚ ਅੱਗ ਲੱਗ ਗਈ; ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਮੱਧ ਪੂਰਬ ’ਚ ਸਭ ਤੋਂ ਵੱਡੀ ਰਿਫਾਇਨਰੀ ਹੈ, ਜਿਸ ਦੀ ਪੈਟਰੋਲੀਅਮ ਪੈਦਾਵਾਰ ਦੀ ਸਮਰੱਥਾ 730,000 ਬੈਰਲ ਰੋਜ਼ਾਨਾ ਹੈ। ਕਤਰ, ਸਾਊਦੀ ਅਰਬ ਤੇ ਯੂ ਏ ਈ ਨੇ ਇਰਾਨੀ ਹਮਲਿਆਂ ਦੀ ਨਿਖੇੇਧੀ ਕੀਤੀ ਹੈ। ਸਾਊਦੀ ਅਰਬ ਦੇ ਸਿਖਰਲੇ ਡਿਪਲੋਮੈਟ ਨੇ ਕਿਹਾ ਕਿ ਹਮਲਿਆਂ ਦਾ ਮਤਲਬ ਹੈ ਕਿ ‘‘ਜਿਹੜਾ ਮਾੜਾ ਮੋਟਾ ਯਕੀਨ ਬਣਿਆ ਸੀ, ਉਹ ਵੀ ਖ਼ਤਮ ਹੋ ਗਿਆ ਹੈ।’’
ਇਰਾਨ ਨੇ ਇਜ਼ਰਾਈਲ ਦੇ ਇਕ ਵੱਡੇ ਹਿੱਸੇ ’ਤੇ ਹਮਲੇ ਕੀਤੇ, ਜਿਸ ਕਰ ਕੇ ਲੱਖਾਂ ਲੋਕਾਂ ਨੂੰ ਸੁਰੱਖਿਅਤ ਰੈਣ ਬਸੇਰਿਆਂ ’ਚ ਸ਼ਰਨ ਲੈਣੀ ਪਈ। ਹਮਲਿਆਂ ਕਰ ਕੇ ਇਮਾਰਤਾਂ ਨੂੰ ਨੁਕਸਾਨ ਪੁੱਜਾ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਦੱਖਣੀ ਫ਼ਾਰਸ ’ਚ ਇਰਾਨ ਦੇ ਸਭ ਤੋਂ ਵੱਡੇ ਗੈਸ ਖੇਤਰ ਉੱਤੇ ਹਮਲੇ ਕੀਤੇ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਸ਼ਿੰਗਟਨ ਵਿੱਚ ਕਿਹਾ ਕਿ ਇਜ਼ਰਾਈਲ ਦੱਖਣੀ ਫ਼ਾਰਸ ਖੇਤਰ ’ਚ ਮੁੜ ਹਮਲੇ ਨਹੀਂ ਕਰੇਗਾ ਪਰ ਉਨ੍ਹਾਂ ਸੋਸ਼ਲ ਮੀਡੀਆ ’ਤੇ ਚਿਤਾਵਨੀ ਦਿੱਤੀ ਕਿ ਜੇ ਇਰਾਨ ਨੇ ਕਤਰ ਦੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਇਆ ਤਾਂ ਅਮਰੀਕਾ ਇਸ ਖੇਤਰ ’ਤੇ ਜ਼ੋਰਦਾਰ ਹਮਲੇ ਕਰੇਗਾ।
ਇਸ ਦੌਰਾਨ ਇਰਾਨ ਨੇ ਜਨਵਰੀ ਵਿੱਚ ਦੇਸ਼ਿਵਆਪੀ ਪ੍ਰਦਰਸ਼ਨਾਂ ਦੌਰਾਨ ਹਿਰਾਸਤ ’ਚ ਲਏ ਤਿੰਨ ਜਣਿਆਂ ਨੂੰ ਫਾਹੇ ਟੰਗ ਦਿੱਤਾ ਹੈ। ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਜੰਗ ’ਚ ਹੁਣ ਤੱਕ 1300 ਤੋਂ ਵੱਧ ਲੋਕ ਮਾਰੇ ਗਏ ਹਨ ਜਦੋਂਕਿ ਇਜ਼ਰਾਇਲੀ ਹਮਲਿਆਂ ਕਰ ਕੇ ਲਿਬਨਾਨ ’ਚ 10 ਲੱਖ ਤੋਂ ਵੱਧ ਲੋਕ ਦਰ-ਬਦਰ ਹੋ ਗਏ ਹਨ।