ਬਠਿੰਡਾ ਜੇਲ੍ਹ ’ਚੋਂ ਕਿਸਾਨ ਆਗੂ ਰਿਹਾਅ

ਬਠਿੰਡਾ ਜੇਲ੍ਹ ’ਚੋਂ ਕਿਸਾਨ ਆਗੂ ਰਿਹਾਅ

ਸਰਕਾਰ ਨੇ ਰਿਹਾਈ ਰੋਕਣ ਲਈ ਪੂਰਾ ਤਾਣ ਲਾਇਆ: ਜੇਠੂਕੇ

ਬਠਿੰਡਾ,(ਪੰਜਾਬੀ ਰਾਈਟਰ)- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਿਤ ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਅੱਜ ਸ਼ਾਮ ਨੂੰ ਕੇਂਦਰੀ ਜੇਲ੍ਹ ਬਠਿੰਡਾ ਤੋਂ ਰਿਹਾਈ ਹੋ ਗਈ। ਇਹ ਰਿਹਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਸਦਕਾ ਹੋਈ ਹੈ। ਜੇਲ੍ਹ ਦੇ ਬਾਹਰ ਇਕੱਠੇ ਹੋਏ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵੱਲੋਂ ਦੋਵਾਂ ਕਿਸਾਨ ਆਗੂਆਂ ਨੂੰ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਦੋਵਾਂ ਕਿਸਾਨ ਆਗੂਆਂ ’ਤੇ ਪੁਲੀਸ ਅਧਿਕਾਰੀ ਦੀ ਬਾਂਹ ਤੋੜਨ ਦੇ ਦੋਸ਼ਾਂ ਤਹਿਤ ਇਰਾਦਾ ਕਤਲ ਦਾ ਕੇਸ ਦਰਜ ਹੋਣ ਕਰ ਕੇ ਇਹ ਅਪਰੈਲ 2025 ਤੋਂ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦੋਵਾਂ ਆਗੂਆਂ ਦੀ ਰਿਹਾਈ ਲਈ ਅਦਾਲਤ ਵਿੱਚ ਵਾਰ-ਵਾਰ ਅੜਿੱਕੇ ਖੜ੍ਹੇ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਆਖਿਆ ਦਰਅਸਲ ਹਕੂਮਤ ਵੱਲੋਂ 6 ਅਤੇ 18 ਫਰਵਰੀ ਵੱਲੋਂ ਕੀਤੇ ਤਸ਼ੱਦਦ ਨੇ ਇਸ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਪਿੰਡ ਜਿਉਂਦ ਦੇ ਜ਼ਮੀਨੀ ਘੋਲ ਨੂੰ ਦਬਾਉਣ ਦੀ ਮਨਸ਼ਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਗਲੇ ਦਿਨਾਂ ’ਚ ਨਵੀਂ ਰਣਨੀਤੀ ਉਲੀਕ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਆਗੂ ਹਰਿੰਦਰ ਕੌਰ ਬਿੰਦੂ ਤੇ ਕਮਲਜੀਤ ਕੌਰ ਬਰਨਾਲਾ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਸਮੇਤ ਆਦਰਸ਼ ਸਕੂਲ ਚਾਉਕੇ ਦੇ ਅਮਲਾ ਮੈਂਬਰ ਮੌਜੂਦ ਸਨ।