ਲੋਕਾਂ ਨੂੰ ਪੁਲੀਸ ਦੀ ਕੁੱਟ, ਝੂਠੇ ਕੇਸਾਂ ਅਤੇ ਜੇਲ੍ਹਾਂ ਦਾ ਡਰ ਖ਼ਤਮ ਕਰ ਕੇ ਇਕਜੁੱਟ ਹੋਣ ਲਈ ਪ੍ਰੇਰਿਆ
ਸੰਗਰੂਰ,(ਪੰਜਾਬੀ ਰਾਈਟਰ)- ਬੀ ਕੇ ਯੂ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ਦੋ ਕਿਸਾਨ ਛੱਡਣੇ ਹੀ ਸਨ ਤਾਂ ਅੱਜ ਕਿਸਾਨਾਂ ’ਤੇ ਜਬਰ ਕਿਉਂ ਕੀਤਾ ਗਿਆ। ਸਰਕਾਰ ਨੇ ਖ਼ੁਦ ਨੂੰ ਤਾਕਤਵਰ ਦਿਖਾਉਣ ਲਈ ਜਾਣ-ਬੁੱਝ ਕੇ ਕਿਸਾਨਾਂ ਉੱਪਰ ਕਾਰਵਾਈ ਕੀਤੀ ਹੈ।
ਉਹ ਅੱਜ ਪਿੰਡ ਜਖੇਪਲ ਵਿੱਚ ਸਰਕਾਰ ਦੀ ਕਾਰਵਾਈ ਖ਼ਿਲਾਫ਼ ਜੁੜੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਉਗਰਾਹਾਂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ ਕੁੱਟ ਲਓ, ਜੇਲ੍ਹਾਂ ’ਚ ਬੰਦ ਕਰ ਦਿਓ, ਝੂਠੇ ਕੇਸ ਪਾ ਦਿਓ ਪਰ ਅਸੀਂ ਗਰਦਨਾਂ ਨੀਵੀਆਂ ਕਰ ਕੇ ਨਹੀਂ ਬੈਠ ਸਕਦੇ। ਉਨ੍ਹਾਂ ਸ਼ਗਨਪ੍ਰੀਤ ਸਿੰਘ ਜਿਊਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਹੋਣ ਦੇ ਮਾਮਲੇ ’ਚ ਸਰਕਾਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਸੌ ਗੰਢਾ ਵੀ ਖਾਧਾ, ਛਿੱਤਰ ਵੀ ਖਾਧੇ ਅਤੇ ਬੰਦੀ ਵੀ ਛੱਡ ਦਿੱਤੇ। ਕਿਸਾਨਾਂ ਨੇ ਬਠਿੰਡਾ ਵਿੱਚ ਸਿਰਫ਼ ਧਰਨਾ ਦੇਣਾ ਸੀ, ਉਡੀਕਣਾ ਸੀ, ਜਦੋਂ ਜ਼ਮਾਨਤ ਹੋ ਜਾਂਦੀ ਤਾਂ ਵਾਪਸ ਜਾਣਾ ਸੀ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਪਿੰਡਾਂ ਅਤੇ ਘਰਾਂ ਵਿੱਚ ਦਾਖ਼ਲ ਹੋ ਕੇ ਕੁੱਟਣ ਆ ਗਈ। ਅੱਥਰੂ ਗੈਸ ਦੇ ਗੋਲੇ ਅਤੇ ਡਾਂਗਾਂ ਵਰ੍ਹਾਈਆਂ। ਥਾਣੇਦਾਰ ਨੇ ਨੌਜਵਾਨ ਦੀ ਲੱਤ ਤੋੜ ਦਿੱਤੀ, ਅੱਥਰੂ ਗੈਸ ਦੇ ਗੋਲੇ ਨਾਲ ਕਿਸਾਨ ਦਾ ਹੱਥ ਫੱਟ ਗਿਆ। ਇਹ ਜ਼ਮੀਨਾਂ ਬਚਾਉਣ ਦੀ ਲੜਾਈ ਹੈ, ਇਹ ਹਾਲੇ ਮੁੱਕੀ ਨਹੀਂ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਡਰ ਖ਼ਤਮ ਕਰ ਦਿਓ। ਉਨ੍ਹਾਂ ਕਿਸਾਨ ਆਗੂ ਅਜੈਬ ਸਿੰਘ ਜਖੇਪਲ ਨੂੰ ਫੜਨ ਆਈ ਪੁਲੀਸ ਨੂੰ ਖਦੇੜਨ ਲਈ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਐਲਾਨ ਕੀਤਾ ਕਿ ਭਲਕੇ ਪਿੰਡਾਂ ਵਿੱਚ ਜੇਤੂ ਰੈਲੀਆਂ ਕੀਤੀਆਂ ਜਾਣਗੀਆਂ ਤੇ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਉਧਰ, ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਹਿਰਾਸਤ ਵਿੱਚ ਲਏ ਸਾਰੇ ਕਿਸਾਨ ਰਿਹਾਅ ਕਰਨ ਦੀ ਪੁਸ਼ਟੀ ਕੀਤੀ ਹੈ।
ਲੌਂਗੋਵਾਲ : ਅਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏ ਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ, ਯਸ਼ਪਾਲ ਮੁਹਾਲੀ ਅਤੇ ਸੂਬਾ ਕਮੇਟੀ ਮੈਂਬਰ ਬਲਬੀਰ ਲੌਂਗੋਵਾਲ ਨੇ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਤਸ਼ੱਦਦ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ‘ਆਪ’ ਸਰਕਾਰ ਦੇ ਲੋਕ ਵਿਰੋਧੀ ਹੋਣ ਦਾ ਸਬੂਤ ਹੈ।
ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਨਾਰਾਜ਼
ਚੰਡੀਗੜ੍ਹ : ਕਿਸਾਨਾਂ ’ਤੇ ਬਠਿੰਡਾ ਵਿੱਚ ਕੀਤੇ ਜਬਰ ਤੋਂ ਸੰਯੁਕਤ ਕਿਸਾਨ ਮੋਰਚਾ ਸਣੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨਾਰਾਜ਼ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਪੁਲੀਸ ਕਾਰਵਾਈ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਕਰਨ ਸਿੰਘ ਬਰਾੜ, ਗੁਰਵਿੰਦਰ ਸਿੰਘ ਢਿੱਲੋਂ ਅਤੇ ਹਰਜਿੰਦਰ ਸਿੰਘ ਟਾਂਡਾ ਨੇ ਕਿਹਾ ਕਿ ਮੋਰਚਾ 19 ਫਰਵਰੀ ਦੀ ਮੀਟਿੰਗ ਵਿੱਚ ਇਹ ਮਸਲਾ ਵਿਚਾਰੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ‘ਆਪ’ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
.jpg)
.jpg)
.jpg)

.jpg)
















.jpg)

































.jpg)






















.jpg)





.jpg)



















