ਨਸ਼ਿਆਂ ਵਿਰੁੱਧ ਯਾਤਰਾ ਆਮ ਲੋਕਾਂ ਦਾ ਅੰਦੋਲਨ: ਕਟਾਰੀਆ

ਨਸ਼ਿਆਂ ਵਿਰੁੱਧ ਯਾਤਰਾ ਆਮ ਲੋਕਾਂ ਦਾ ਅੰਦੋਲਨ: ਕਟਾਰੀਆ

ਰਾਜਪਾਲ ਨੇ ਪੈਲੇਸ ਤੋਂ ਘੰਟਾ ਘਰ ਤੱਕ ਕੀਤੀ ਪੈਦਲ ਯਾਤਰਾ; ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਅਹਿਦ

ਫਾਜ਼ਿਲਕਾ,(ਪੰਜਾਬੀ ਰਾਈਟਰ)- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ‘ਰੰਗਲਾ ਪੰਜਾਬ’ ਬਣਾਉਣਾ ਵਿੱਚ ਸਰਕਾਰ ਲੱਗੀ ਹੋਈ ਹੈ, ਜਿਸ ਤਹਿਤ ਸਰਕਾਰ ਨੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਹੈ। ਨਸ਼ਿਆਂ ਦਾ ਖਾਤਮਾ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤਾਂ ਹੀ ਪੰਜਾਬ ਮੁੜ ਰੰਗਲਾ ਪੰਜਾਬ ਬਣ ਸਕੇਗਾ। ਉਨ੍ਹਾਂ ਨੇ ਇਹ ਗੱਲ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੈਲੇਸ ਤੋਂ ਘੰਟਾ ਘਰ ਤੱਕ ‘ਯੁੱਧ ਨਸ਼ਿਆਂ ਵਿਰੁੱਧ’ ਪੈਦਲ ਯਾਤਰਾ ਦੀ ਅਗਵਾਈ ਕਰਦਿਆਂ ਕੀਤਾ। ਯਾਤਰਾ ਵਿੱਚ ਕੇ ਜੀ ਐੱਫ ਦਾ ਵੀ ਸਹਿਯੋਗ ਰਿਹਾ। ਪੈਦਲ ਯਾਤਰਾ ਵਿੱਚ ਕਈ ਯੂਨਵਰਸਿਟੀਆਂ ਦੇ ਉਪ ਕੁਲਪਤੀ, ਸਕੂਲਾਂ ਤੇ ਕਾਲਜਾਂ ਦੇ ਮੁਖੀ, ਐੱਨ ਜੀ ਓਜ਼, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ।

ਰਾਜਪਾਲ ਨੇ ਕਿਹਾ, ‘‘ਨਸ਼ਿਆਂ ਕਾਰਨ ਸਿਰਫ਼ ਵਿਅਕਤੀ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਨੁਕਸਾਨ ਹੁੰਦਾ ਹੈ, ਜਿਸ ਕਰ ਕੇ ਇਸ ਬੁਰਾਈ ਦੇ ਜੜ੍ਹੋਂ ਖਾਤਮੇ ਲਈ ਸਾਂਝੀ ਕੋਸ਼ਿਸ਼ ਲਾਜ਼ਮੀ ਹੈ। ਸਾਨੂੰ ਆਪਣੇ ਗੁਰੂਆਂ ਦੇ ਬਲੀਦਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਦੇਸ਼ ਭਗਤਾਂ ਤੇ ਬਹਾਦਰ ਫੌਜ ਦੇ ਜਵਾਨਾਂ ਨੇ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਤੇ ਅਸੀਂ ਨਸ਼ਿਆਂ ਦੀ ਅਲਾਮਤ ਨੂੰ ਖਤਮ ਨਹੀਂ ਕਰ ਸਕਦੇ? ਇਹ ਸਾਡਾ ਧਾਰਮਿਕ ਤੇ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਬਿਮਾਰੀ ਨੂੰ ਜੜ੍ਹੋਂ ਪੁੱਟ ਸੁੱਟੀਏ, ਜਿਸ ਨਾਲ ਨੌਜਵਾਨੀ ਦੇ ਸਹੀ ਰਾਹ ’ਤੇ ਪੈਣ ਨਾਲ ਸੂਬੇ ਦਾ ਭਵਿੱਖ ਸੁਰੱਖਿਅਤ ਹੋਵੇਗਾ।’’

ਯਾਤਰਾ ਮਗਰੋਂ ਘੰਟਾ ਘਰ ਵਿਖੇ ਇਕੱਠ ’ਚ ਸ੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਪੜਾਅਵਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਸਫਲ ਬਣਾਉਣ ਲਈ ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਸਮੂਹ ਰਾਜਨੀਤਿਕ ਪਾਰਟੀਆਂ, ਪੰਚਾਇਤਾਂ ਅਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਪਵੇਗੀ। ਗੁਆਂਢੀ ਦੁਸ਼ਮਣ ਮੁਲਕ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸਰਕਾਰ ਵੱਲੋਂ ਐਂਟੀ-ਡਰੋਨ ਸਿਸਟਮ ਸਮੇਤ ਕਈ ਕੜੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਸਾਜ਼ਿਸ਼ ਨੂੰ ਨਾਕਾਮ ਬਣਾਇਆ ਜਾ ਸਕੇ। ਇਸ ਦੌਰਾਨ ਰਾਜਪਾਲ ਨੇ ਨਸ਼ਾ ਮੁਕਤੀ ਕੇਂਦਰ ਜੱਟਵਾਲੀ ’ਚ ਜਾ ਕੇ ਉਥੇ ਰਹਿੰਦੇੇ ਵਿਅਕਤੀਆਂ ਨਾਲ ਗੱਲਬਾਤ ਕੀਤੀ।

ਰਾਜਪਾਲ ਦੀ ਯਾਤਰਾ ’ਚੋਂ ਸੱਤਾਧਾਰੀ ਵਿਧਾਇਕ ਗ਼ੈਰਹਾਜ਼ਰ
ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪੈਦਲ ਯਾਤਰਾ ਜਦੋਂ ਫਾਜ਼ਿਲਕਾ ਜ਼ਿਲ੍ਹੇ ’ਚ ਦਾਖਲ ਹੋਈ ਤਾਂ ਸੱਤਾਧਾਰੀ ‘ਆਪ’ ਨਾਲ ਸਬੰਧਤ ਕੋਈ ਵੀ ਵਿਧਾਇਕ ਇਸ ਵਿੱਚ ਸ਼ਾਮਲ ਨਹੀਂ ਹੋਇਆ। ਆਮ ਆਦਮੀ ਪਾਰਟੀ (ਆਪ) ਦੇ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਉਨ੍ਹਾਂ ਨੂੰ ਪੈਦਲ ਯਾਤਰਾ ਲਈ ਸੱਦਾ ਪੱਤਰ ਮਿਲਿਆ ਸੀ ਪਰ ਉਹ ਚੰਡੀਗੜ੍ਹ ’ਚ ਵਿਸ਼ੇਸ਼ ਮੀਟਿੰਗ ਵਿੱਚ ਸਨ, ਜਿਸ ਕਰਕੇ ਹਾਜ਼ਰ ਨਹੀਂ ਹੋਏ। ਰਾਜਪਾਲ ਦੀ ਯਾਤਰਾ ’ਤੇ ਤਨਜ਼ ਕੱਸਦਿਆਂ ਵਿਧਾਇਕ ਸਵਨਾ ਨੇ ਕਿਹਾ, ‘‘ਪੈਦਲ ਯਾਤਰਾਵਾਂ ਨਾਲ ਨਸ਼ਾ ਖਤਮ ਨਹੀਂ ਹੋ ਸਕਦਾ। ਕੇਂਦਰ ਸਰਕਾਰ ਨੂੰ ਸਰਹੱਦੋਂ ਪਾਰ ਆਉਂਦੇ ਡਰੋਨ ਰੋਕਣ ਵਾਲੇ ਵੱਡੇ ਤਕਨੀਕੀ ਉਪਕਰਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।’’ ਉਨ੍ਹਾਂ ਇਹ ਵੀ ਆਖਿਆ ਕਿ ਜਿਨ੍ਹਾਂ ਦੀਆਂ ਸਰਕਾਰਾਂ ਵਿੱਚ ਨਸ਼ਾ ਵਧਿਆ ਤੇ ਨਸ਼ੇ ਦੇ ਸੌਦਾਗਰ ਬਣੇ, ਉਹੀ ਹੁਣ ਯਾਤਰਾਵਾਂ ’ਚ ਨਸ਼ੇ ਖਤਮ ਕਰਨ ਜਾਂ ਰੋਕਣ ਦੀਆਂ ਗੱਲਾਂ ਕਰ ਰਹੇ ਹਨ ਜੋ ਕਿ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਹੀਆਂ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੁਮਾਰ ਗੋਲਡੀ ਕੰਬੋਜ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਮੀਟਿੰਗ ਵਿੱਚ ਸਨ, ਇਸ ਕਰਕੇ ਉਹ ਰਾਜਪਾਲ ਦੇ ਪ੍ਰੋਗਰਾਮ ’ਚ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਨੇ ਪੈਦਲ ਯਾਤਰਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ।