ਜਾਅਲਸਾਜ਼ੀ ਮਾਮਲੇ ’ਚ ਅਲ ਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਗ੍ਰਿਫ਼ਤਾਰ

ਜਾਅਲਸਾਜ਼ੀ ਮਾਮਲੇ ’ਚ ਅਲ ਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਗ੍ਰਿਫ਼ਤਾਰ

ਅਦਾਲਤ ਨੇ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਨਵੀਂ ਦਿੱਲੀ,(ਪੰਜਾਬੀ ਰਾਈਟਰ)- ਦਿੱਲੀ ਪੁਲੀਸ ਨੇ ਜਾਅਲਸਾਜ਼ੀ ਦੇ ਮਾਮਲੇ ਵਿਚ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਪਰਾਧ ਸ਼ਾਖਾ ਨੇ ਦਿੱਲੀ ਧਮਾਕੇ ਤੋਂ ਬਾਅਦ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੀ ਸ਼ਿਕਾਇਤ ’ਤੇ ਦਰਜ ਦੋ ਐਫ.ਆਈ.ਆਰ. ਤੋਂ ਬਾਅਦ ਇਹ ਕਾਰਵਾਈ ਕੀਤੀ।

ਇਹ ਕਾਰਵਾਈ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਕੀਤੀ ਗਈ ਹੈ। ਲਾਲ ਕਿਲ੍ਹੇ ਨੇੜੇ ਧਮਾਕੇ ਤੋਂ ਬਾਅਦ ਅਪਰਾਧ ਸ਼ਾਖਾ ਨੇ ਇਸ ਯੂਨੀਵਰਸਿਟੀ ਦੇ ਕੰਮਕਾਜ ਨਾਲ ਸਬੰਧਤ ਕਥਿਤ ਬੇਨਿਯਮੀਆਂ ਅਤੇ ਜਾਅਲਸਾਜ਼ੀ ਦੇ ਮਾਮਲੇ ਦਰਜ ਕੀਤੇ ਸਨ।

ਅਧਿਕਾਰੀ ਨੇ ਕਿਹਾ ਕਿ ਸਿੱਦੀਕੀ ਨੂੰ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਹੋਰ ਪੁੱਛਗਿੱਛ ਲਈ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਸਬੰਧੀ ਹੋਰ ਵੇਰਵੇ ਅਪਡੇਟ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਲਾਲ ਕਿਲ੍ਹਾ ਇਲਾਕੇ ’ਚ 10 ਨਵੰਬਰ ਨੂੰ ਹੋਏ ਧਮਾਕੇ ਮਗਰੋਂ ਸੁਰੱਖਿਆ ਏਜੰਸੀਆਂ ਦੀ ਰਡਾਰ ’ਤੇ ਆਈ ਹਰਿਆਣਾ ਆਧਾਰਿਤ ਅਲ ਫਲਾਹ ਯੂਨੀਵਰਸਿਟੀ ਦੇ ਕਰੀਬ 140 ਕਰੋੜ ਰੁਪਏ ਦੇ ਅਸਾਸੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਜ਼ਬਤ ਕਰ ਲਏ ਸਨ। ਯੂਨੀਵਰਸਿਟੀ ਦੇ ਫਰੀਦਾਬਾਦ ਦੇ ਧੌਜ ਇਲਾਕੇ ’ਚ 54 ਏਕੜ ਜ਼ਮੀਨ ਅਤੇ ਵੱਖ ਵੱਖ ਸਕੂਲਾਂ ਤੇ ਵਿਭਾਗਾਂ ਨਾਲ ਸਬੰਧਤ ਯੂਨੀਵਰਸਿਟੀ ਦੀਆਂ ਇਮਾਰਤਾਂ ਅਤੇ ਹੋਸਟਲਾਂ ਨੂੰ ਕੁਰਕ ਕੀਤਾ ਗਿਆ ਸੀ।