ਰਾਜਪਾਲ ਕਟਾਰੀਆ ਇਕ ਹੋਰ ਪੈਦਲ ਯਾਤਰਾ ਕਰਨਗੇ

ਰਾਜਪਾਲ ਕਟਾਰੀਆ ਇਕ ਹੋਰ ਪੈਦਲ ਯਾਤਰਾ ਕਰਨਗੇ

ਨਸ਼ਿਆਂ ਖਿਲਾਫ਼ ਜਾਗਰੂਕਤਾ ਮੁਹਿੰਮ; ਤਰਨ ਤਾਰਨ ਤੋਂ 9 ਨੂੰ ਸ਼ੁਰੂ ਹੋਵੇਗੀ ਚਾਰ ਰੋਜ਼ਾ ਯਾਤਰਾ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੂਬੇ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ’ਚ ਚਾਰ ਦਿਨਾਂ ਪੈਦਲ ਯਾਤਰਾ ਕਰਨਗੇ। ਰਾਜਪਾਲ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦੀ ਕੜੀ ਵਜੋਂ ਇਹ ਪੈਦਲ ਯਾਤਰਾ ਕਰਨਗੇ।

ਪੰਜਾਬ ਰੈੱਡ ਕਰਾਸ ਨੇ ਇਸ ਯਾਤਰਾ ਦਾ ਪ੍ਰੋਗਰਾਮ ਜਾਰੀ ਕਰਦੇ ਹੋਏ ਦੱਸਿਆ ਕਿ ਰਾਜਪਾਲ 9 ਫਰਵਰੀ ਨੂੰ ਤਰਨ ਤਾਰਨ ਤੋਂ ਯਾਤਰਾ ਦਾ ਆਗਾਜ਼ ਕਰਨਗੇ। ਜ਼ਿਲ੍ਹਾ ਫਿਰੋਜ਼ਪੁਰ ਵਿੱਚ 10 ਫਰਵਰੀ ਨੂੰ ਪੈਦਲ ਯਾਤਰਾ ਹੋਵੇਗੀ। ਯਾਤਰਾ ਤੀਜੇ ਦਿਨ ਫ਼ਾਜ਼ਿਲਕਾ ’ਚੋਂ ਲੰਘੇਗੀ ਅਤੇ ਸਮਾਪਤੀ 12 ਫਰਵਰੀ ਨੂੰ ਅਬੋਹਰ ਵਿੱਚ ਹੋਵੇਗੀ।

ਰਾਜਪਾਲ ਨੇ ਕਿਹਾ ਕਿ ਉਹ ਨਸ਼ਿਆਂ ਦੇ ਖ਼ਤਰੇ ਬਾਰੇ ਜਾਗਰੂਕਤਾ ਲਈ ਇਸ ਪੈਦਲ ਯਾਤਰਾ ਦੀ ਅਗਵਾਈ ਕਰਨਗੇ। ਉਹ ਰੋਜ਼ਾਨਾ ਦੋ ਘੰਟੇ ਆਮ ਲੋਕਾਂ ਨਾਲ ਪੈਦਲ ਯਾਤਰਾ ਕਰਨਗੇ। ਸਰਹੱਦੀ ਜ਼ਿਲ੍ਹਿਆਂ ’ਚ ਪਹਿਲਾਂ ਵੀ ਦੌਰੇ ਕੀਤੇ ਗਏ ਸਨ ਅਤੇ ਪਿਛਲੇ ਸਾਲ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਵੀ ਕੀਤੀ ਗਈ ਸੀ। ਪਿਛਲੀ ਪੈਦਲ ਯਾਤਰਾ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਔਰਤਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਪੰਜਾਬ ਸਰਕਾਰ ਦੇ ਨਸ਼ਿਆਂ ਖ਼ਿਲਾਫ਼ ਯੁੱਧ ਦੀ ਸ਼ਲਾਘਾ ਵੀ ਕੀਤੀ। ਸੂਬਾ ਸਰਕਾਰ ਨੇ 23 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ਼ ਸੈਂਕੜੇ ਕਿਲੋਗਰਾਮ ਨਸ਼ਾ ਜ਼ਬਤ ਕੀਤਾ ਬਲਕਿ ਗੈਰ-ਕਾਨੂੰਨੀ ਨਸ਼ਿਆਂ ਦੇ ਪੈਸੇ ਨਾਲ ਬਣਾਈਆਂ ਜਾਇਦਾਦਾਂ ਵੀ ਢਾਹੀਆਂ ਹਨ। ਰਾਜਪਾਲ ਨੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਚਲਾਏ ਜਾ ਰਹੇ ਕਈ ਹੁਨਰ ਵਿਕਾਸ ਕੇਂਦਰਾਂ ਦੀ ਵੀ ਤਾਰੀਫ਼ ਕੀਤੀ।

ਨਸ਼ਿਆਂ ਵਿਰੁੱਧ ਲੜਾਈ ’ਚ ਪਿੰਡ ਰੱਖਿਆ ਕਮੇਟੀਆਂ ਨੂੰ ਸ਼ਾਮਲ ਕਰਨ ਦੀ ਲੋੜ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਪਿੰਡ ਰੱਖਿਆ ਕਮੇਟੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਲੋੜ ਹੈ ਅਤੇ ਫੌਜ ਤੇ ਬੀ ਐੱਸ ਐੱਫ ਨੇ ਵੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਵਿੱਚ ਸਹਿਯੋਗੀ ਹੱਥ ਅੱਗੇ ਵਧਾਇਆ ਸੀ। ਉਹ ਸਰਹੱਦੀ ਖੇਤਰ ਵਿਕਾਸ ਫੰਡ ਮੁੜ ਸ਼ੁਰੂ ਕਰਾਉਣ ਲਈ ਕੇਂਦਰ ਸਰਕਾਰ ਨਾਲ ਗੱਲ ਕਰਨਗੇ। ਨਸ਼ਿਆਂ ਦੀ ਸਮੱਸਿਆ ਗੰਭੀਰ ਹੈ ਜਿਸ ਨਾਲ ਲੋਕ ਲਹਿਰ ਖੜ੍ਹੀ ਕਰ ਕੇ ਹੀ ਨਜਿੱਠਿਆ ਜਾ ਸਕਦਾ ਹੈ।