ਵਿਧਾਨ ਸਭਾ ਵਿਸ਼ੇਸ਼ ਇਜਲਾਸ: ਮੈਂਬਰਾਂ ਵੱਲੋਂ ਸ਼ੁਰੂਆਤ ਵਿੱਚ ਸਾਹਿਬਜ਼ਾਦਿਆਂ ਦੀ ਸ਼ਾਹਦਤ ਨੂੰ ਸਿਜਦਾ ਕੀਤਾ

ਵਿਧਾਨ ਸਭਾ ਵਿਸ਼ੇਸ਼ ਇਜਲਾਸ: ਮੈਂਬਰਾਂ ਵੱਲੋਂ ਸ਼ੁਰੂਆਤ ਵਿੱਚ ਸਾਹਿਬਜ਼ਾਦਿਆਂ ਦੀ ਸ਼ਾਹਦਤ ਨੂੰ ਸਿਜਦਾ ਕੀਤਾ

(ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਦੇ ਨਾਲ ਸ਼ੁਰੂ ਹੋ ਗਿਆ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਗੱਲ ਕੀਤੀ। ਉਨ੍ਹਾਂ ਸਾਹਿਬਜ਼ਾਦਿਆਂ ਦੇ ਸਿਦਕ ਨੂੰ ਸਿਜਦਾ ਕੀਤਾ।ਆਪ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਵੱਲੋਂ ਸਦਨ ’ਚ ਚਾਰ ਸਾਹਿਬਜ਼ਾਦਿਆਂ ਨੂੰ ਅਕੀਦਤ ਭੇਟ ਕੀਤੀ ਗਈ।

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਇਤਿਹਾਸ ਨਾਲ ਛੇੜ ਛਾੜ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬ ਬਰਦਾਸ਼ਿਤ ਨਹੀਂ ਕਰੇਗਾ। ਉਨ੍ਹਾਂ ਸਾਹਿਬਜ਼ਾਦਿਆਂ ਨੂੰ ਬਾਲ ਦੱਸਣ ਨੂੰ ਗਲਤ ਕਰਾਰ ਦਿੰਦਿਆ ਕਿਹਾ ਕਿ ਉਹ ਸਾਡੇ ਬਾਬੇ ਸਨ।ਉਨ੍ਹਾਂ ਸਦਨ ’ਚ ਮੰਗ ਕਰਦਿਆਂ ਕਿਹਾ ਕਿ ਵਿਧਾਨ ਸਭਾ ’ਚ ਇਸ ਬਾਰੇ ਮਤਾ ਲਿਆਂਦਾ ਜਾਵੇ ।

ਇਸ ਤੋਂ ਪਹਿਲਾਂ ਮਗਨਰੇਗਾ ਦੀ ਥਾਂ ਲਿਆਂਦੇ ਜੀ ਰਾਮ ਜੀ ਕਾਨੂੰਨ ਖ਼ਿਲਾਫ਼ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਗਨਰੇਗਾ ਕਾਮਿਆਂ ਦੀਆਂ ਦਰਖਾਸਤਾਂ ਲੈ ਕੇ ਪਹੁੰਚੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਿਧਾਇਕਾਂ ਨੇ ਕਿਹਾ ਕਿ ਜੀ ਰਾਮ ਜੀ ਕਾਨੂੰਨ ਲਿਆ ਕੇ ਮਜ਼ਦੂਰਾਂ ਅਤੇ ਪਛੜੇ ਵਰਗ ਦੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਨਾਂ ਦਾ ਰੁਜ਼ਗਾਰ ਖੋਹ ਰਹੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਦੇਵ ਮਾਨ ਅਤੇ ਕੁਲਜੀਤ ਰੰਧਾਵਾ ਦਰਖਾਸਤਾਂ ਦੀ ਪੰਡ ਸਮੇਤ ਵਿਧਾਨ ਸਭਾ ਦੇ ਬਾਹਰ ਪੁੱਜੇ ਸਨ।

ਜ਼ਿਕਰਯੋਗ ਹੈ ਕਿ ਮਨਰੇਗਾ (MGNREGA) ਵਿੱਚ ਹੋਏ ਬਦਲਾਅ ਦੇ ਪ੍ਰਭਾਵਾਂ 'ਤੇ ਚਰਚਾ ਕਰਨ ਲਈ ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਇਸ ਸੈਸ਼ਨ ਦੌਰਾਨ ਸਰਕਾਰ ਸਦਨ ਵਿੱਚ ਇੱਕ ਸਰਕਾਰੀ ਮਤਾ ਪੇਸ਼ ਕਰੇਗੀ, ਜਿਸ ਵਿੱਚ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਣ ਦੀ ਸਿਫ਼ਾਰਸ਼ ਕੀਤੀ ਜਾਵੇਗੀ ਕਿ ਮਨਰੇਗਾ ਦੇ ਢਾਂਚੇ ਨੂੰ ਮੰਗ-ਅਧਾਰਤ, ਅਧਿਕਾਰ-ਅਧਾਰਤ ਅਤੇ ਪੂਰੀ ਤਰ੍ਹਾਂ ਕੇਂਦਰ ਦੁਆਰਾ ਸਪਾਂਸਰ ਰੱਖਿਆ ਜਾਵੇ। ਇਸ ਦੇ ਨਾਲ ਹੀ 'ਵੀਬੀ ਜੀ ਰਾਮ ਜੀ' (VB G RAM G) ਐਕਟ ਦੀਆਂ ਮੱਦਾਂ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਜਾਣੀ ਹੈ।
ਇਸ ਵਿਸ਼ੇਸ਼ ਸੈਸ਼ਨ ਦੌਰਾਨ ਸੂਬਾ ਸਰਕਾਰ ਵੱਲੋਂ ਤਿੰਨ ਅਹਿਮ ਬਿੱਲ ਵੀ ਪੇਸ਼ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚ ਪੰਜਾਬ ਆਬਾਦੀ ਦੇਹ (ਮਾਲਕੀ ਰਿਕਾਰਡ) ਸੋਧ ਬਿੱਲ, ਭਾਰਤੀ ਸਟੈਂਪ (ਪੰਜਾਬ ਦੂਜੀ ਸੋਧ) ਬਿੱਲ ਅਤੇ ਪੰਜਾਬ ਲੈਂਡ ਰੈਵੇਨਿਊ (ਸੋਧ) ਬਿੱਲ-2025 ਸ਼ਾਮਲ ਹਨ। ਇਹ ਸੈਸ਼ਨ ਕਾਫੀ ਹੰਗਾਮੇ ਭਰਿਆ ਰਹਿਣ ਦੀ ਉਮੀਦ ਹੈ, ਕਿਉਂਕਿ ਆਪ, ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕ ਸੋਧੇ ਹੋਏ ਐਕਟ ਨੂੰ ਲੈ ਕੇ ਭਾਜਪਾ ਨੂੰ ਘੇਰਨ ਦੀ ਤਿਆਰੀ ਵਿੱਚ ਹਨ, ਜਦਕਿ ਭਾਜਪਾ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਹੈ।

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਇਤਿਹਾਸ ਨਾਲ ਛੇੜ ਛਾੜ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬ ਬਰਦਾਸ਼ਿਤ ਨਹੀਂ ਕਰੇਗਾ। ਉਨ੍ਹਾਂ ਸਾਹਿਬਜ਼ਾਦਿਆਂ ਨੂੰ ਬਾਲ ਦੱਸਣ ਨੂੰ ਗਲਤ ਕਰਾਰ ਦਿੰਦਿਆ ਕਿਹਾ ਕਿ ਉਹ ਸਾਡੇ ਬਾਬੇ ਸਨ।ਉਨ੍ਹਾਂ ਸਦਨ ’ਚ ਮੰਗ ਕਰਦਿਆਂ ਕਿਹਾ ਕਿ ਵਿਧਾਨ ਸਭਾ ’ਚ ਇਸ ਬਾਰੇ ਮਤਾ ਲਿਆਂਦਾ ਜਾਵੇ ।

ਮਨਰੇਗਾ ਵਰਕਰਾਂ ਨੂੰ ਵੀਬੀ-ਜੀ ਰਾਮ ਜੀ ਐਕਟ ਦਾ ਵਿਰੋਧ ਕਰਨ ਲਈ ਮਜਬੂਰ ਕਰ ਰਹੀ ਹੈ ‘ਆਪ’: ਭਾਜਪਾ

ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ‘ਵੀਬੀ-ਜੀ ਰਾਮ ਜੀ ਐਕਟ, 2025’ (VB–G RAM G Act, 2025) ਵਿਰੁੱਧ ਆਪਣੇ ਸਾਧਨਾਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪ (AAP) ਸਰਕਾਰ ਮਨਰੇਗਾ ਵਰਕਰਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਇਸ ਕਾਨੂੰਨ ਦਾ ਵਿਰੋਧ ਕਰਨ ਲਈ ਉਨ੍ਹਾਂ ਤੋਂ ਜ਼ਬਰਦਸਤੀ ਦਸਤਖਤ ਕਰਵਾ ਰਹੀ ਹੈ। ਸ਼ਰਮਾ ਨੇ ਇੱਕ ਫਾਰਮ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਿੰਡ ਪੱਧਰ ਦੇ ਅਧਿਕਾਰੀਆਂ ਰਾਹੀਂ ਵਰਕਰਾਂ ਤੋਂ ਇਹ ਫਾਰਮ ਭਰਵਾ ਰਹੀ ਹੈ ਤਾਂ ਜੋ ਇਹ ਝੂਠਾ ਪ੍ਰਭਾਵ ਦਿੱਤਾ ਜਾ ਸਕੇ ਕਿ ਪੰਜਾਬ ਦੇ ਵਰਕਰ ਵੀਬੀ-ਜੀ ਰਾਮ ਜੀ ਐਕਟ, 2025 ਦਾ ਵਿਰੋਧ ਕਰ ਰਹੇ ਹਨ।

ਪੰਜਾਬ ਸਰਕਾਰ ਨੂੰ ਹੋਰਨਾਂ ਮੁੱਦਿਆਂ ’ਤੇ ਵੀ ਗੱਲਬਾਤ ਕਰਨੀ ਚਾਹੀਦੀ: ਪਰਗਟ ਸਿੰਘ

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਮਗਨੇਗਾ ਬਦਲੇ ਲਿਆਂਦੇ ਜੀ ਰਾਮ ਜੀ ਕਾਨੂੰਨ ਰਾਹੀਂ ਪਿਛੜੇ ਵਰਗ ਦੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਪਰ ਪੰਜਾਬ ਸਰਕਾਰ ਵੱਲੋਂ ਵੀ ਇਸ ਵੱਡੇ ਮੁੱਦੇ ’ਤੇ ਸਿਰਫ ਇੱਕ ਦਿਨ ਦਾ ਸੈਸ਼ਨ ਸੱਦਿਆ ਜਾਣਾ ਨਾਕਾਫੀ ਹੈ ਅਤੇ ਸਰਕਾਰ ਨੂੰ ਲੰਮਾ ਸੈਸ਼ਨ ਬੁਲਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹੋਰਨਾਂ ਵੱਡੇ ਮੁੱਦਿਆਂ ਬਾਰੇ ਗੱਲਬਾਤ ਕਰਨ ਤੋਂ ਭੱਜ ਰਹੀ ਹੈ।

ਪੰਜਾਬ ਸਰਕਾਰ ਮਗਨਰੇਗਾ ਬਾਰੇ ਚਾਰ ਸਾਲਾਂ ਦਾ ਲੇਖਾ ਜੋਖਾ ਪੇਸ਼ ਕਰੇ: ਸੰਦੀਪ ਜਾਖੜ

ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਸਰਕਾਰ ਤੋਂ ਮਨਰੇਗਾ ਦਾ ਚਾਰ ਸਾਲਾਂ ਦਾ ਲੇਖਾ-ਜੋਖਾ ਪੇਸ਼ ਕਰਨ ਦੀ ਮੰਗ ਕੀਤੀ। ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਮਗਨਰੇਗਾ ਅਧੀਨ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੁੰਦਾ ਰਿਹਾ ਹੈ, ਉਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਅਤੇ ਕਸੂਰਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਾਖਡ਼ ਨੇ ਕਿਹਾ ਕਿ ਪੰਜਾਬ ਵਿੱਚ ਮਗਨਰੇਗਾ ਅਧੀਨ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਅੱਧਾ ਰੁਜ਼ਗਾਰ ਮਿਲਣ ਬਾਰੇ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਵਿਧਾਇਕ ਗਿਆਸਪੁਰਾ ਮਜ਼ਦੂਰਾਂ ਦੇ ਪੱਤਰਾਂ ਦੀ ਗੱਠ ਲੈ ਕੇ ਪੁੱਜੇ 

ਵਿਸ਼ੇਸ਼ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਪਣੇ ਹਲਕੇ ਦੇ ਮਜ਼ਦੂਰਾਂ ਦੇ ਪੱਤਰਾਂ ਦੀ ਗੱਠ ਲੈ ਕੇ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਗਨਰੇਗਾ ਸਕੀਮ ’ਚ ਬਦਲਾਅ ਕਰ ਦਿੱਤਾ ਹੈ ਜਿਸ ਦਾ ਸਿੱਧਾ ਅਸਰ ਮਜ਼ਦੂਰਾਂ ਤੇ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਜ਼ਦੂਰ ਵੀ ਵਿਧਾਨ ਸਭਾ ਦੀ ਕਾਰਵਾਈ ਮੌਕੇ ਹਾਜ਼ਰ ਰਹਿਣਗੇ ।