ਦਿਨੇ ਧੁੰਦ ਪਸਰਨ ਕਾਰਨ ਠੰਢ ਦਾ ਜ਼ੋਰ ਭਰਿਆ

ਦਿਨੇ ਧੁੰਦ ਪਸਰਨ ਕਾਰਨ ਠੰਢ ਦਾ ਜ਼ੋਰ ਭਰਿਆ

ਆੳੁਂਦੇ ਚਾਰ ਦਿਨ ਸੰਘਣੀ ਧੁੰਦ ਪੈਣ ਅਤੇ ਬੱਦਲਵਾਈ ਦੀ ਪੇਸ਼ੀਨਗੋਈ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਅੱਜ ਕਈ ਇਲਾਕਿਆਂ ’ਚ ਦਿਨ ਵੇਲੇ ਹੀ ਧੁੰਦ ਨੇ ਆਪਣਾ ਰੂਪ ਦਿਖਾਇਆ। ਸੀਤ ਲਹਿਰ ਕਾਰਨ ਸਾਰਾ ਦਿਨ ਕੰਬਣੀ ਛਿੜੀ ਰਹੀ ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਅਗਲੇ ਚਾਰ ਦਿਨ 26 ਤੋਂ 29 ਦਸੰਬਰ ਤੱਕ ਓਰੈਂਜ ਅਲਰਟ ਜਾਰੀ ਕਰਦਿਆਂ ਸੰਘਣੀ ਧੁੰਦ, ਕੜਾਕੇ ਦੀ ਠੰਢ ਅਤੇ ਬੱਦਲਵਾਈ ਦੀ ਪੇਸ਼ੀਨਗੋਈ ਕੀਤੀ ਹੈ। ਫਰੀਦਕੋਟ ਅਤੇ ਸੋਨੀਪਤ ਅੱਜ ਸਭ ਤੋਂ ਵੱਧ ਠੰਢੇ ਰਹੇ। ਦੋਵੇਂ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਲੰਧਰ, ਲੁਧਿਆਣਾ, ਮੁਹਾਲੀ ਅਤੇ ਚੰਡੀਗੜ੍ਹ ਸਣੇ ਕਈ ਇਲਾਕਿਆਂ ਵਿੱਚ ਦਿਨ ਸਮੇਂ ਧੁੰਦ ਦੇ ਕਹਿਰ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਇਸ ਦੌਰਾਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸਵੇਰ ਸਮੇਂ ਮੌਸਮ ਸਾਫ ਰਿਹਾ ਪਰ ਦਿਨ ਚੜ੍ਹਨ ਦੇ ਨਾਲ ਹੀ ਮੌਸਮ ਨੇ ਅਚਾਨਕ ਆਪਣਾ ਮਿਜਾਜ਼ ਬਦਲ ਲਿਆ। ਅਸਮਾਨ ਵਿੱਚ ਧੁੰਦ ਛਾਈ ਰਹੀ ਅਤੇ ਸੜਕਾਂ ’ਤੇ ਦੂਰ ਤੱਕ ਦਿਖਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 5.7, ਲੁਧਿਆਣਾ ਤੇ ਪਟਿਆਲਾ ਵਿੱਚ 6.4, ਪਠਾਨਕੋਟ ’ਚ 6.7, ਬਠਿੰਡਾ ’ਚ 5, ਗੁਰਦਾਸਪੁਰ ’ਚ 5.5, ਨਵਾਂ ਸ਼ਹਿਰ ’ਚ 7, ਹੁਸ਼ਿਆਰਪੁਰ ’ਚ 5.1, ਮਾਨਸਾ ’ਚ 7.8 ਅਤੇ ਰੋਪੜ ਵਿੱਚ 6.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।