ਪੰਜਾਬ ਦੇ ਖੇਡ ਢਾਂਚੇ ਐਲਾਨ: ਜੂਨ 2026 ਤੱਕ ਤਿਆਰ ਹੋਣਗੇ 3,100 ਪੇਂਡੂ ਸਟੇਡੀਅਮ: ਮਾਨ

ਪੰਜਾਬ ਦੇ ਖੇਡ ਢਾਂਚੇ ਐਲਾਨ: ਜੂਨ 2026 ਤੱਕ ਤਿਆਰ ਹੋਣਗੇ 3,100 ਪੇਂਡੂ ਸਟੇਡੀਅਮ: ਮਾਨ

1,350 ਕਰੋੜ ਰੁਪਏ ਹੋਣਗੇ ਖ਼ਰਚ; ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਦੀ ਤਿਆਰੀ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਖੇਡ ਢਾਂਚੇ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੂਨ 2026 ਤੱਕ ਪੰਜਾਬ ਦੇ ਪਿੰਡਾਂ ਵਿੱਚ 3,100 ਸਟੇਡੀਅਮਾਂ ਦਾ ਨਿਰਮਾਣ ਮੁਕੰਮਲ ਕੀਤਾ ਜਾਵੇ।

ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਟੇਡੀਅਮਾਂ ’ਤੇ ਲਗਭਗ 1,350 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਕਰਕੇ ਖੇਡਾਂ ਵੱਲ ਮੋੜਨਾ ਹੈ।

ਇਨ੍ਹਾਂ ਸਟੇਡੀਅਮਾਂ ਵਿੱਚ ਚਾਰਦੀਵਾਰੀ, ਗੇਟ, ਜੋਗਿੰਗ ਟਰੈਕ, ਵਾਲੀਬਾਲ ਕੋਰਟ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਲਗਭਗ 3,000 ਥਾਵਾਂ ’ਤੇ ਅਤਿ-ਆਧੁਨਿਕ ਜਿੰਮ ਸਥਾਪਤ ਕੀਤੇ ਜਾਣਗੇ ਅਤੇ 50 ਕਰੋੜ ਰੁਪਏ ਦੀ ਲਾਗਤ ਨਾਲ 17,000 ਖੇਡ ਕਿੱਟਾਂ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ, ਚੰਡੀਗੜ੍ਹ ਦੇ ਸੈਕਟਰ 42-ਏ ਵਿੱਚ 43 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ‘ਯੁਵਾ ਭਵਨ’ ਬਣਾਇਆ ਜਾਵੇਗਾ, ਜਿਸ ਵਿੱਚ 200 ਨੌਜਵਾਨਾਂ ਲਈ ਹੋਸਟਲ ਅਤੇ 400 ਦੀ ਸਮਰੱਥਾ ਵਾਲਾ ਆਡੀਟੋਰੀਅਮ ਹੋਵੇਗਾ। ਸੂਬੇ ਦੇ 9 ਜੰਗਲੀ ਖੇਤਰਾਂ ਵਿੱਚ 10,000 ਨੌਜਵਾਨਾਂ ਲਈ ਟ੍ਰੈਕਿੰਗ, ਐਡਵੈਂਚਰ ਅਤੇ ਟੀਮ ਐਕਟੀਵਿਟੀ ਕੈਂਪ ਵੀ ਲਗਾਏ ਜਾਣਗੇ।

ਡਿਜੀਟਲ ‘ਖੇਡ ਪੋਰਟਲ’ ਹੋਵੇਗਾ ਲਾਂਚ
ਪੰਜਾਬ ਸਰਕਾਰ ਜਲਦ ਹੀ ਇੱਕ ਵਿਆਪਕ ‘ਖੇਡ ਪੋਰਟਲ’ ਲਾਂਚ ਕਰਨ ਜਾ ਰਹੀ ਹੈ। ਇਸ ਪੋਰਟਲ ਰਾਂਹੀ ਖਿਡਾਰੀ ਸਿਰਫ਼ ਇੱਕ ਕਲਿੱਕ ਨਾਲ ਖਿਡਾਰੀਆਂ ਦੀ ਰਜਿਸਟਰੀ, ਔਨਲਾਈਨ ਗ੍ਰੇਡੇਸ਼ਨ, ਗਰਾਊਂਡ ਰਿਜ਼ਰਵੇਸ਼ਨ, ਈ-ਸਰਟੀਫਿਕੇਟ, ਪੈਨਸ਼ਨ ਅਤੇ ਸਕਾਲਰਸ਼ਿਪ ਵਰਗੀਆਂ ਸਹੂਲਤਾਂ ਹਾਸਲ ਕਰ ਸਕਣਗੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਟੇਡੀਅਮਾਂ ਦੀ ਉਸਾਰੀ ਦੌਰਾਨ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਸਾਰੇ ਕੰਮ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ।