ਪੰਜਾਬ ’ਚ ਤਿੰਨ ਦਿਨ ਧੁੰਦ ਦੀ ਪੇਸ਼ੀਨਗੋਈ

ਪੰਜਾਬ ’ਚ ਤਿੰਨ ਦਿਨ ਧੁੰਦ ਦੀ ਪੇਸ਼ੀਨਗੋਈ

ਕਈ ਥਾਈਂ ਧੁੰਦ ਕਾਰਨ ਦਿਸਣ ਹੱਦ ਘਟ ਕੇ 40-50 ਮੀਟਰ ਰਹੀ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਅਤੇ ਹਰਿਆਣਾ ਸਮੇਤ ਸਮੁੱਚੇ ਉੱਤਰ ਭਾਰਤ ਵਿੱਚ ਇਸ ਵੇਲੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਪੈ ਰਹੀ ਹੈ। ਧੁੰਦ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਆਵਾਜਾਈ ਦੀ ਰਫ਼ਤਾਰ ਮੱਠੀ ਪੈ ਗਈ ਹੈ। ਅੱਜ ਕਈ ਸ਼ਹਿਰਾਂ ਵਿੱਚ ਦਿਖਣ ਹੱਦ ਮਹਿਜ਼ 40 ਤੋਂ 50 ਮੀਟਰ ਤੱਕ ਰਹਿ ਗਈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ 24, 25 ਅਤੇ 26 ਦਸੰਬਰ ਲਈ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ‘ਓਰੇਂਜ ਅਲਰਟ’ ਜਾਰੀ ਕੀਤਾ ਹੈ।

ਧੁੰਦ ਕਾਰਨ ਸੂਬੇ ਵਿੱਚ ਕਈ ਥਾਵਾਂ ’ਤੇ ਸੜਕ ਹਾਦਸੇ ਵਾਪਰ ਰਹੇ ਹਨ। ਮੌਸਮ ਵਿਗਿਆਨੀਆਂ ਮੁਤਾਬਕ ਦਸੰਬਰ ਦੇ ਅਖੀਰ ਤੱਕ ਮੀਂਹ ਨਾ ਪੈਣ ਕਾਰਨ ਖੁਸ਼ਕ ਠੰਢ ਪੈ ਰਹੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦਾ ਗੁਰਦਾਸਪੁਰ ਅਤੇ ਹਰਿਆਣਾ ਦਾ ਨਾਰਨੌਲ ਸ਼ਹਿਰ ਸਭ ਤੋਂ ਠੰਢੇ ਰਹੇ, ਜਿੱਥੇ ਕ੍ਰਮਵਾਰ 5 ਡਿਗਰੀ ਅਤੇ 5.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 7.6 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ’ਚ 7.9, ਪਠਾਨਕੋਟ ’ਚ 8, ਨਵਾਂਸ਼ਹਿਰ ’ਚ 8.4, ਅੰਮ੍ਰਿਤਸਰ ’ਚ 10.6, ਪਟਿਆਲਾ ਤੇ ਬਠਿੰਡਾ ’ਚ 10.8, ਮਾਨਸਾ ’ਚ 11.9, ਫਾਜ਼ਿਲਕਾ ’ਚ 12.1 ਅਤੇ ਮੁਹਾਲੀ ਵਿੱਚ 13.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਵਿੱਚ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ।

ਠੰਢ ਕਾਰਨ ਪਟਿਆਲਾ ’ਚ ਇੱਕ ਹੋਰ ਮੌਤ
ਪਟਿਆਲਾ : ਠੰਢ ਨੇ ਅੱਜ ਪਟਿਆਲਾ ’ਚ ਇੱਕ ਹੋਰ ਜਾਨ ਲੈ ਲਈ। ਇਹ ਘਟਨਾ ਸਰਹਿੰਦ ਰੋਡ ’ਤੇ ਅਨਾਜ ਮੰਡੀ ਵਿਚ ਵਾਪਰੀ ਹੈ। ਮ੍ਰਿਤਕ ਦੀ ਉਮਰ 45 ਸਾਲ ਦੱਸੀ ਗਈ ਹੈ। ਅਨਾਜ ਮੰਡੀ ਥਾਣੇ ਦੇ ਐੱਸ ਐੱਚ ਓ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਸ਼ਨਾਖਤ ਲਈ ਲਾਸ਼ ਰਾਜਿੰਦਰਾ ਹਸਪਤਾਲ ’ਚ ਰਖਵਾ ਦਿੱਤੀ ਹੈ। ਉਕਤ ਵਿਅਕਤੀ ਮੰਡੀ ਵਿੱਚ ਸ਼ੈੱਡ ਹੇਠ ਹੀ ਰਹਿੰਦਾ ਸੀ। ਦੂਜੇ ਪਾਸੇ ਲੰਘੇ ਦਿਨ ਠੰਢ ਕਾਰਨ ਫੌਤ ਪਟਿਆਲਾ ਜੇਲ੍ਹ ਦੇ ਕੈਦੀ ਕੁੰਵਰ ਯਾਗਨਿਕ (30) ਵਾਸੀ ਗੁਜਰਾਤ ਦੀ ਲਾਸ਼ ਦਾ ਅੱਜ ਇਥੇ ਰਾਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ। ਜੇਲ੍ਹ ਸੁਪਰਡੈਂਟ ਗੁਰਚਰਨ ਧਾਲੀਵਾਲ ਨੇ ਕਿਹਾ ਕਿ ਕੁੰਵਰ ਯਾਗਨਿਕ ਦੀ ਦੇਹ ਉਸ ਦੇ ਭਰਾ ਆਸ਼ੀਸ਼ ਭਗਵਾਨ ਨੂੰ ਸੌਪ ਦਿੱਤੀ ਹੈ।

ਕਸ਼ਮੀਰ ਵਿੱਚ ਬਰਫਬਾਰੀ
ਸ੍ਰੀਨਗਰ: ਕਸ਼ਮੀਰ ਵਾਦੀ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਉੱਤਰੀ ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਕੇਂਦਰ ਗੁਲਮਰਗ ਸਮੇਤ ਉੱਚੇ ਪਹਾੜੀ ਖੇਤਰਾਂ ਵਿੱਚ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਰੁਕ-ਰੁਕ ਕੇ ਬਰਫਬਾਰੀ ਹੁੰਦੀ ਰਹੀ। ਇਸ ਤੋਂ ਇਲਾਵਾ ਸ਼ੋਪੀਆਂ ਅਤੇ ਬਾਂਦੀਪੋਰਾ ਦੇ ਗੁਰੇਜ਼ ਖੇਤਰ ਵਿੱਚ ਵੀ ਬਰਫਬਾਰੀ ਹੋਈ। ਸ੍ਰੀਨਗਰ ਸਮੇਤ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ, ਜਿਥੇ ਬੀਤੀ ਰਾਤ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.1 ਡਿਗਰੀ ਵੱਧ ਹੈ।