ਗੁਰਦਾਸਪੁਰ ਅਤੇ ਹਰਿਆਣਾ ਦਾ ਨਾਰਨੌਲ ਸ਼ਹਿਰ ਸਭ ਤੋਂ ਠੰਢਾ; ਅਗਲਾ ਹਫ਼ਤਾ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋੲੀ
ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਤੇ ਹਰਿਆਣਾ ਸਣੇ ਉੱਤਰ ਭਾਰਤ ਵਿੱਚ ਪਿਛਲੇ ਅੱਠ-ਦਸ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਅੱਜ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਕਰ ਕੇ ਚੱਲੀਆਂ ਠੰਢੀਆਂ ਹਵਾਵਾਂ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਇਸ ਦੇ ਨਾਲ ਸੰਘਣੀ ਧੁੰਦ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਪੰਜਾਬ ਵਿੱਚ ਗੁਰਦਾਸਪੁਰ ਜਦਕਿ ਹਰਿਆਣਾ ਦਾ ਨਾਰਨੌਲ ਸਭ ਤੋਂ ਠੰਢੇ ਰਹੇ। ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਨਾਰਨੌਲ ਵਿੱਚ 5.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਲੰਘੀ ਰਾਤ ਪੰਜਾਬ ਦੇ ਜ਼ਿਆਦਾਤਰ ਹਿੱਸੇ ਨੂੰ ਧੁੰਦ ਨੇ ਆਪਣੀ ਲਪੇਟ ਵਿੱਚ ਲੈ ਲਿਆ ਤੇ ਅੱਜ ਸਵੇਰ ਤੱਕ ਧੁੰਦ ਲਗਾਤਾਰ ਜਾਰੀ ਰਹੀ। ਧੁੰਦ ਕਰ ਕੇ ਸੜਕਾਂ ’ਤੇ ਦਿਸਣ ਹੱਦ ਕਾਫੀ ਘਟ ਗਈ, ਜਿਸ ਕਰ ਕੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਅਗਲਾ ਪੂਰਾ ਹਫ਼ਤਾ ਹੱਡ ਚੀਰਵੀਂ ਠੰਢ ਅਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਯੈੱਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਉੱਤਰ ਭਾਰਤ ਵਿੱਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਜਿੱਥੇ ਇਕ ਪਾਸੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉੱਧਰ, ਖੇਤੀ ਵਿਗਿਆਨੀਆਂ ਮੁਤਾਬਕ ਇਹ ਧੁੰਦ ਖੇਤੀ ਲਈ ਲਾਹੇਵੰਦ ਸਾਬਿਤ ਹੋਵੇਗੀ ਜਿਸ ਕਰ ਕੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ।
ਕਸ਼ਮੀਰ ’ਚ ਕੜਾਕੇ ਦੀ ਠੰਢ ਦਾ ਦੌਰ ਸ਼ੁਰੂ
ਸ੍ਰੀਨਗਰ: ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਅੱਜ ਬਰਫ਼ਬਾਰੀ ਹੋਣ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਮਗਰੋਂ ਖਿੱਤੇ ’ਚ 40 ਦਿਨਾਂ ਦੇ ਕੜਾਕੇ ਦੀ ਠੰਢ ਦੇ ਦੌਰ ‘ਚਿੱਲਾ-ਏ-ਕਲਾਂ’ ਦੀ ਸ਼ੁਰੂਆਤ ਹੋਣ ਨਾਲ ਘਾਟੀ ਦੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ’ਚ ਸਥਿਤ ਗੁਲਮਰਗ ’ਚ ਤਕਰੀਬਨ ਦੋ ਇੰਚ ਬਰਫ ਪਈ ਹੈ। ਸ੍ਰੀਨਗਰ-ਕਾਰਗਿਲ ਰਾਜਮਾਰਗ ’ਤੇ ਸਥਿਤ ਸੋਨਮਰਗ ’ਚ ਅੱਜ ਸਵੇਰੇ ਬਰਫਬਾਰੀ ਹੋਈ ਜੋ ਆਖ਼ਰੀ ਸੂਚਨਾ ਮਿਲਣ ਤੱਕ ਜਾਰੀ ਸੀ। ਕੰਟਰੋਲ ਰੇਖਾ ਨੇੜੇ ਸਥਿਤ ਤੰਗਧਾਰ ਸੈਕਟਰ ਨੂੰ ਮੁੱਖ ਕਸ਼ਮੀਰ ਘਾਟੀ ਨਾਲ ਜੋੜਨ ਵਾਲੇ ਸਾਧਨਾ ਟੌਪ ’ਤੇ ਲੰਘੀ ਰਾਤ ਤੋਂ ਹੁਣ ਤੱਕ ਛੇ ਇੰਚ ਬਰਫ ਪਈ ਹੈ। ਸ੍ਰੀਨਗਰ ਤੇ ਘਾਟੀ ਦੇ ਹੋਰ ਹਿੱਸਿਆਂ ’ਚ ਲੰਘੀ ਰਾਤ ਹਲਕਾ ਮੀਂਹ ਸ਼ੁਰੂ ਹੋਇਆ ਜੋ ਰੁਕ-ਰੁਕ ਕੇ ਪੈਂਦਾ ਰਿਹਾ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਘਾਟੀ ’ਚ ਬਰਫ਼ਬਾਰੀ ਤੇ ਮੀਂਹ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਬਰਫ਼ਬਾਰੀ ਕਾਰਨ ਖਿੱਤੇ ਦੀਆਂ ਕਈ ਸੜਕਾਂ ਵੀ ਆਵਾਜਾਈ ਲਈ ਬੰਦ ਹੋ ਗਈਆਂ ਹਨ।

.jpg)
.jpg)
.jpg)
.jpg)



















.jpg)































.jpg)

























.jpg)

.jpg)



















