ਬੌਲੀਵੁੱਡ ਅਦਾਕਾਰ ਧਰਮਿੰਦਰ ਨਹੀਂ ਰਹੇ

ਬੌਲੀਵੁੱਡ ਅਦਾਕਾਰ ਧਰਮਿੰਦਰ ਨਹੀਂ ਰਹੇ

ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਖਰੀ ਸਾਹ ਲਏ

ਚੰਡੀਗੜ੍ਹ,(ਪੰਜਾਬੀ ਰਾਈਟਰ)- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦਾ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਅਦਾਕਾਰ ਮੁੰਬਈ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਸੀ। ਅਦਾਕਾਰ ਪਿਛਲੇ ਕਈ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਧਰਮਿੰਦਰ ਦੀ ਪਤਨੀ ਤੇ ਅਦਾਕਾਰਾ ਹੇਮਾ ਮਾਲਿਨੀ, ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ, ਧੀ ਇਸ਼ਾ ਦਿਓਲ ਨੇ ਸੋਮਵਾਰ ਨੂੰ ਆਪਣੇ ਬਿਮਾਰ ਪਿਤਾ ਨਾਲ ਮੁਲਾਕਾਤ ਕੀਤੀ ਸੀ। ਅਦਾਕਾਰ ਨੂੰ ਸੋਮਵਾਰ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਤ ਸਥਿਰ ਨਾ ਹੋਣ ਕਰਕੇ ਬਜ਼ੁਰਗ ਅਦਾਕਾਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।

ਸੂਤਰਾਂ ਮੁਤਾਬਕ ਧਰਮਿੰਦਰ ਦੀਆਂ ਧੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਮੁੰਬਈ ਬੁਲਾਇਆ ਜਾ ਚੁੱਕਾ ਹੈ। ਬੀਤੀ ਰਾਤ ਸੰਨੀ ਦਿਓਲ ਵੀ ਹਸਪਤਾਲ ਦੇ ਬਾਹਰ ਬਹੁਤ ਭਾਵੁਕ ਦਿਖਾਈ ਦਿੱਤੇ। ਛੋਟਾ ਪੁੱਤਰ ਬੌਬੀ ਦਿਓਲ ਵੀ ਇਕ ਫ਼ਿਲਮ ਦੀ ਸ਼ੂਟਿੰਗ ਛੱਡ ਕੇ ਆਪਣੇ ਪਿਤਾ ਨੂੰ ਮਿਲਣ ਲਈ ਮੁੰਬਈ ਵਾਪਸ ਆ ਗਿਆ। ਸ਼ਾਹਰੁਖ, ਸਲਮਾਨ ਤੇ ਗੋਵਿੰਦਾ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸੋਮਵਾਰ ਦੇਰ ਰਾਤ ਬ੍ਰੀਚ ਕੈਂਡੀ ਹਸਪਤਾਲ ਪਹੁੰਚ ਕੇ ਧਰਮਿੰਦਰ ਦੀ ਖ਼ਬਰਸਾਰ ਲਈ ਸੀ।

ਹੇਮਾ ਮਾਲਨੀ ਨੇ ਲੰਘੇ ਦਿਨ ਕਿਹਾ ਸੀ ਕਿ ਧਰਮਿੰਦਰ ਮੁੰਬਈ ਦੇ ਇੱਕ ਹਸਪਤਾਲ ਵਿੱਚ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ੁਭਚਿੰਤਕਾਂ ਨੂੰ ਬਜ਼ੁਰਗ ਅਦਾਕਾਰ ਦੇ ਜਲਦੀ ਸਿਹਤਯਾਬ ਹੋਣ ਸਬੰਧੀ ਪ੍ਰਾਰਥਨਾ ਕਰਨ ਦੀ ਅਪੀਲ ਵੀ ਕੀਤੀ ਸੀ।

ਧਰਮਿੰਦਰ ਦਾ ਕਰੀਅਰ ਦਹਾਕਿਆਂ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਨੇ ਫ਼ਿਲਮ ਇੰਡਸਟਰੀ ਨੂੰ ਸ਼ੋਅਲੇ, ਚੁਪਕੇ ਚੁਪਕੇ ਅਤੇ ਸੀਤਾ ਔਰ ਗੀਤਾ ਵਰਗੀਆਂ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਧਰਮਿੰਦਰ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ। ਰਾਜਨਾਥ ਨੇ ਕਿਹਾ, ‘‘ਬਜ਼ੁਰਗ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਧਰਮਿੰਦਰ ਜੀ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਇੱਕ ਬਹੁਪੱਖੀ ਅਦਾਕਾਰ ਜਿਸ ਨੇ ਆਪਣੇ ਬੇਮਿਸਾਲ ਸੁਹਜ ਅਤੇ ਇਮਾਨਦਾਰੀ ਨਾਲ ਕਈ ਯਾਦਗਾਰੀ ਕਿਰਦਾਰਾਂ ਵਿਚ ਜਾਨ ਪਾਈ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾਵਾਂ।’’