ਸਮੁੱਚੇ ਅਮਰੀਕਾ ’ਚ ਸੱਤਾ ਤਬਦੀਲੀ ਦੀ ਹਵਾ ਚੱਲ ਰਹੀ ਹੈ: ਬਰਾਕ ਓਬਾਮਾ

ਸਮੁੱਚੇ ਅਮਰੀਕਾ ’ਚ ਸੱਤਾ ਤਬਦੀਲੀ ਦੀ ਹਵਾ ਚੱਲ ਰਹੀ ਹੈ: ਬਰਾਕ ਓਬਾਮਾ

ਅਟਲਾਂਟਾ, 30 ਅਕਤੂਬਰ (ਪੰਜਾਬੀ ਰਾਈਟਰ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਮੀਦ ਅਤੇ ਤਬਦੀਲੀ ਦਾ ਆਪਣਾ ਲਗਪਗ ਦੋ ਦਹਾਕੇ ਪੁਰਾਣਾ ਸੁਨੇਹਾ ਦੁਹਰਾਉਂਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਗੈਰ-ਸੰਜੀਦਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਨੂੰ ਨੱਥ ਪਾਉਣ ਲਈ ਆਖਰੀ ਅਤੇ ਸਭ ਤੋਂ ਬਿਹਤਰੀਨ ਮੌਕੇ ਦੀ ਵਰਤੋਂ ਕਰਨ। ਸਾਬਕਾ ਰਾਸ਼ਟਰਪਤੀ ਨੇ ਅਟਲਾਂਟਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਮਹਿਸੂਸ ਹੋ ਰਿਹਾ ਹੈ ਕਿ ਲੋਕ ਕੁਝ ਨਵਾਂ ਹਾਸਲ ਕਰਨ ਲਈ ਬੇਸਬਰ ਹਨ। ਟਰੰਪ ’ਤੇ ਵਰ੍ਹਦਿਆਂ ਉਨ੍ਹਾਂ ਡੈਮੋਕਰੈਟਿਕ ਹਮਾਇਤੀਆਂ ਨੂੰ ਕਿਹਾ, ‘‘ਇਹ ਲੋਕ ਗੰਭੀਰ ਨਹੀਂ ਹਨ ਅਤੇ ਉਨ੍ਹਾਂ ਦੀ ਗੈਰ-ਸੰਜੀਦਗੀ ਦੀ ਕੀਮਤ ਸਾਨੂੰ ਸਾਰਿਆਂ ਨੂੰ ਤਾਰਨੀ ਪੈ ਰਹੀ ਹੈ।’’
ਓਬਾਮਾ ਦੇ 45 ਮਿੰਟ ਦੇ ਭਾਸ਼ਨ ਦੌਰਾਨ ਉੱਥੇ ਮੌਜੂਦ ਸਮਰਥਕ ਲਗਾਤਾਰ ਨਾਅਰੇਬਾਜੀ ਕਰਦੇ ਰਹੇ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫ਼ਤਰ ਵ੍ਹਾਈਟ ਹਾਊਸ ਦੀ ਸਜਾਵਟ ਦੀ ਤੁਲਨਾ ਸੱਦਾਮ ਹੁਸੈਨ ਵੱਲੋਂ ਮਸ਼ਹੂਰ ਅਮਰੀਕੀ ਰੈਸਟੋਰੈਂਟ ਚੇਨ ‘ਚੀਜਕੇਕ ਫੈਕਟਰੀ’ ਨੂੰ ਸਜਾਉਣ ਨਾਲ ਕੀਤੀ ਸੀ। ਟਰੰਪ ਪ੍ਰਸ਼ਾਸਨ ਵੱਲੋਂ ਕੀਤੀ ਗਈ ਆਲੋਚਨਾ ਦਾ ਵੀ ਓਬਾਮਾ ਨੇ ਮੋੜਵਾਂ ਜਵਾਬ ਦਿੱਤਾ। ਓਬਾਮਾ ਨੇ ਕਿਹਾ ਕਿ ਸੱਦਾਮ ਹੁਸੈਨ ਵਾਲੀ ਗੱਲ ਤੋਂ ਉਨ੍ਹਾਂ ਨੂੰ ਪਰੇਸ਼ਾਨੀ ਨਹੀਂ ਹੋਈ ਪਰ ਚੀਜਕੇਕ ਫ਼ੈਕਟਰੀ ਵਾਲੀ ਗੱਲ ਤੋਂ ਉਹ ਨਾਰਾਜ ਹੋ ਗਏ ਹਨ। ਭੀੜ ਨੇ ਜਦੋਂ ਉਨ੍ਹਾਂ ਦੇ ਪੱਖ ’ਚ ਨਾਅਰੇ ਲਾਉਣੇ ਸ਼ੁਰੂ ਕੀਤੇ ਤਾਂ ਓਬਾਮਾ ਨੇ ਸਮੱਰਥਕਾਂ ਨੂੰ ਆਪਣਾ ਗੁੱਸਾ ਵੋਟ ’ਚ ਬਦਲਣ ਅਤੇ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਵੱਡੀ ਗਿਣਤੀ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਰਾਸ਼ਟਰਪਤੀ ਨੂੰ ਨਹੀਂ ਦੇਖਿਆ ਜੋ ਅਹੁਦੇ ਦੀ ਦੁਰਵਰਤੋਂ ਕਰ ਕੇ ਫ਼ਾਇਦੇ ਵੇਚਣ ’ਤੇ ਤੁਲਿਆ ਹੋਵੇ। ਉਨ੍ਹਾਂ ਟਰੰਪ ’ਤੇ ਦੋਸ਼ ਲਾਇਆ ਕਿ ਉਸ ਨੇ ਰਾਸ਼ਟਰਪਤੀ ਰਹਿੰਦਿਆਂ ਅਰਬਾਂ ਡਾਲਰ ਕਮਾਏ ਹਨ। ਉਨ੍ਹਾਂ ਕਿਹਾ ਕਿ ਟਰੰਪ ਨੇ ਕਦੇ ਵੀ ਉਨ੍ਹਾਂ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ ਜੋ ਆਮ ਆਦਮੀ ਲਈ ਮਾਇਨੇ ਰੱਖਦੇ ਹੋਣ।