ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਵਿਦਿਆਰਥਣ ਨਾਲ ਹੱਦਾਂ ਟੱਪਣ ਵਾਲ਼ੇ ਅਧਿਆਪਕ ਦਾ ਲਾਇਸੈਂਸ ਰੱਦ
ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਧਿਆਪਕਾਂ ਦੇ ਪੇਸ਼ੇਵਰ ਆਚਰਨ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਇੱਕ ਮਾਮਲੇ ਵਿੱਚ ਮੈਨੀਟੋਬਾ ਦੇ ਸਾਬਕਾ ਅਧਿਆਪਕ ਦਾ ਅਧਿਆਪਨ ਸਰਟੀਫਿਕੇਟ ਪੱਕੇ ਤੌਰ ’ਤੇ ਰੱਦ ਕਰ ਦਿੱਤਾ ਗਿਆ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਧਿਆਪਕ ਰੌਬਰਟ ਗ੍ਰੇਗੁਆਰ ਨੇ ਇੱਕ ਵਿਦਿਆਰਥਣ ਨਾਲ ਸਾਲਾਂ ਤੱਕ ਹੱਦੋਂ ਪਾਰ ਜਾ ਕੇ ਨਿੱਜੀ ਸੰਪਰਕ ਬਣਾਈ ਰੱਖਿਆ। ਅਨੁਸ਼ਾਸਨੀ ਫ਼ੈਸਲੇ ਅਨੁਸਾਰ, ਰਿਵਰ ਈਸਟ ਟਰਾਂਸਕੋਨਾ ਸਕੂਲ ਡਿਵੀਜ਼ਨ ਵਿੱਚ ਕੰਮ ਕਰਦਿਆਂ ਗ੍ਰੇਗੁਆਰ ਨੇ ਸਾਲ 2022 ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਨਿੱਜੀ ਕਿਸਮ ਦਾ ਸੰਬੰਧ ਬਣਾਉਣਾ ਸ਼ੁਰੂ ਕੀਤਾ। ਉਸ ਨੇ ਆਪਣੇ ਨਿੱਜੀ ਫ਼ੋਨ ਰਾਹੀਂ ਸੈਂਕੜੇ ਸੰਦੇਸ਼ ਭੇਜੇ, ਜਦੋਂਕਿ ਮਾਈਕਰੋਸਾਫ਼ਟ ਟੀਮਜ਼ ’ਤੇ ਸਾਲ 2022 ਤੋਂ 2024 ਦਰਮਿਆਨ 1,000 ਤੋਂ ਵੱਧ ਸੁਨੇਹਿਆਂ ਦਾ ਆਦਾਨ-ਪ੍ਰਦਾਨ ਹੋਇਆ। ਰਿਪੋਰਟ ਮੁਤਾਬਕ, ਅਧਿਆਪਕ ਵਿਦਿਆਰਥਣ ਨੂੰ ‘ਮੇਰੀ ਸੋਹਣੀਏ’, ‘ਮਫ਼ਿਨ’, ‘ਰਾਜਕੁਮਾਰੀ’ ਅਤੇ ‘ਮਨਪਸੰਦ ਵਿਦਿਆਰਥਣ’ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦਾ ਸੀ। ਉਹ ਦੇਰ ਰਾਤ ਅਤੇ ਤੜਕੇ ਵੀ ਸੁਨੇਹੇ ਭੇਜਦਾ ਰਿਹਾ। ਵਿਦਿਆਰਥਣ ਦੇ ਮਿਡਲ ਸਕੂਲ ਤੋਂ ਹਾਈ ਸਕੂਲ ਜਾਣ ਮਗਰੋਂ ਵੀ ਉਸ ਨੇ ਸੰਪਰਕ ਜਾਰੀ ਰੱਖਿਆ। ਇੱਥੋਂ ਤੱਕ ਕਿ ਅਧਿਆਪਕ ਨੇ ਵਿਦਿਆਰਥਣ ਦੇ ਨਵੇਂ ਸਕੂਲ ਵਿੱਚ ਨੌਕਰੀ ਹਾਸਲ ਕਰਨ ਦਾ ਯਤਨ ਕੀਤਾ ਅਤੇ ਬਾਅਦ ਵਿੱਚ ਉਸ ਦੀਆਂ ਜਮਾਤਾਂ ਨੂੰ ਪੜ੍ਹਾਉਣ ਦੀ ਖ਼ੁਸ਼ੀ ਵੀ ਸੁਨੇਹੇ ਰਾਹੀਂ ਜ਼ਾਹਰ ਕੀਤੀ। ਉਸ ਨੇ ਵਿਦਿਆਰਥਣ ਨੂੰ ਸਕੂਲ ਤੋਂ ਬਾਹਰ ਰੈਸਟੋਰੈਂਟਾਂ ਵਿੱਚ ਮਿਲਣ, ਆਈਸਕਰੀਮ ਖਾਣ ਅਤੇ ਛੁੱਟੀਆਂ ਦੌਰਾਨ ਸਕੇਟਿੰਗ ਲਈ ਜਾਣ ਦੇ ਸੱਦੇ ਵੀ ਦਿੱਤੇ। ਜੂਨ 2024 ਵਿੱਚ ਮਿਡਲ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਵਿਦਿਆਰਥੀਆਂ ਨਾਲ ਨਿੱਜੀ ਸੁਨੇਹਿਆਂ ਰਾਹੀਂ ਸੰਪਰਕ ਕਰਨ ਤੋਂ ਰੋਕਿਆ ਸੀ। ਉਸ ਨੂੰ ਸਪੱਸ਼ਟ ਕੀਤਾ ਗਿਆ ਸੀ ਕਿ ਵਿਦਿਆਰਥੀਆਂ ਨਾਲ ਔਨਲਾਈਨ ਗੱਲਬਾਤ ਸਿਰਫ਼ ਪੜ੍ਹਾਈ ਨਾਲ ਸੰਬੰਧਿਤ ਅਤੇ ਮਨਜ਼ੂਰਸ਼ੁਦਾ ਪਲੇਟਫ਼ਾਰਮਾਂ ਰਾਹੀਂ ਹੀ ਹੋਣੀ ਚਾਹੀਦੀ ਹੈ। ਦਸੰਬਰ 2024 ਵਿੱਚ ਸਕੂਲ ਡਿਵੀਜ਼ਨ ਨੇ ਉਸ ਨੂੰ ਪ੍ਰਸ਼ਾਸਕੀ ਛੁੱਟੀ ’ਤੇ ਭੇਜ ਦਿੱਤਾ। ਅਗਲੇ ਸਾਲ ਅਪਰੈਲ ਵਿੱਚ ਇਹ ਮਾਮਲਾ ਸੂਬੇ ਦੇ ਸੁਤੰਤਰ ਅਧਿਆਪਕ ਆਚਰਨ ਕਮਿਸ਼ਨਰ ਕੋਲ ਪਹੁੰਚਿਆ। ਜਾਂਚ ਦੌਰਾਨ ਗ੍ਰੇਗੁਆਰ ਨੇ ਸਾਹਮਣੇ ਆਏ ਤੱਥਾਂ ਨੂੰ ਸਵੀਕਾਰ ਕਰਦਿਆਂ ਇਸ ਨੂੰ ਪੇਸ਼ੇਵਰ ਦੁਰਵਿਹਾਰ ਮੰਨਿਆ। ਉਸ ਨੇ ਮਈ ਵਿੱਚ ਆਪਣਾ ਅਧਿਆਪਨ ਸਰਟੀਫਿਕੇਟ ਸੌਂਪ ਦਿੱਤਾ, ਜਿਸ ਨੂੰ ਜਾਂਚ ਮੁਕੰਮਲ ਹੋਣ ਤੋਂ ਬਾਅਦ ਪੱਕੇ ਤੌਰ ’ਤੇ ਰੱਦ ਕਰ ਦਿੱਤਾ ਗਿਆ। ਅਨੁਸ਼ਾਸਨੀ ਰਿਪੋਰਟ ਅਨੁਸਾਰ, ਕਈ ਸਾਲਾਂ ਤੱਕ ਹਜ਼ਾਰਾਂ ਸੁਨੇਹਿਆਂ ਦਾ ਆਦਾਨ-ਪ੍ਰਦਾਨ ਕਰਨਾ ਅਤੇ ਇਸ ਰਿਸ਼ਤੇ ਬਾਰੇ ਜਾਣਕਾਰੀ ਛੁਪਾਉਣਾ ਕਿਸੇ ਇਕੱਲੀ ਗ਼ਲਤੀ ਦਾ ਨਤੀਜਾ ਨਹੀਂ, ਸਗੋਂ ਲਗਾਤਾਰ ਚੱਲਿਆ ਗੰਭੀਰ ਦੁਰਵਿਹਾਰ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਕਾਰਵਾਈਆਂ ‘ਗਰੂਮਿੰਗ’ ਦਾ ਹਿੱਸਾ ਹੁੰਦੀਆਂ ਹਨ, ਜਿੱਥੇ ਅਧਿਆਪਕ ਆਪਣੀ ਪਦਵੀ ਦਾ ਗ਼ਲਤ ਫ਼ਾਇਦਾ ਉਠਾ ਕੇ ਬੱਚਿਆਂ ਦਾ ਭਾਵਨਾਤਮਕ ਸ਼ੋਸ਼ਣ ਕਰਦੇ ਹਨ। ਕਮਿਸ਼ਨਰ ਦੀ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਇਹ ਕੋਈ ਅਣਜਾਣੇ ਵਿੱਚ ਹੋਈਆਂ ਗ਼ਲਤੀਆਂ ਨਹੀਂ ਸਨ, ਸਗੋਂ ਸੋਚ-ਸਮਝ ਕੇ ਕੀਤਾ ਗਿਆ ਦੁਰਵਿਹਾਰ ਸੀ। ਇਹ ਘਟਨਾ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਧਿਆਪਕਾਂ ਦੀ ਨੈਤਿਕਤਾ ਦੀ ਸਖ਼ਤ ਨਿਗਰਾਨੀ ਦੀ ਲੋੜ ਨੂੰ ਦਰਸਾਉਂਦੀ ਹੈ।
.jpg)

.jpg)
.jpg)
.jpg)














































.jpg)











.jpg)








.jpg)




























.jpg)


