
ਸਟੈਂਡ-ਅਪ ਕਾਮੇਡੀਅਨ ਨੇ ਬਿੱਗ ਬੌਸ ਦੇ ਅਗਾਮੀ ਸੀਜ਼ਨ ਦੀ ਪੇਸ਼ਕਸ਼ ਬਾਰੇ ਸਕਰੀਨਸ਼ਾਟ ਸਾਂਝਾ ਕੀਤਾ
ਨਵੀਂ ਦਿੱਲੀ,(ਪੰਜਾਬੀ ਰਾਈਟਰ)- KAMRA-BIGG BOSS-OFFER ਕਾਮੇਡੀਅਨ ਕੁਨਾਲ ਕਾਮਰਾ ਨੇ ਦਾਅਵਾ ਕੀਤਾ ਹੈ ਕਿ ਰਿਐਲਿਟੀ ਸ਼ੋਅ ‘ਬਿਗ ਬੌਸ’ ਦੇ ਅਗਾਮੀ ਸੀਜ਼ਨ ਲਈ ਉਸ ਤੱਕ ਪਹੁੰਚ ਕੀਤੀ ਗਈ ਹੈ। ਹਾਲਾਂਕਿ ਸਟੈਂਡ-ਅਪ ਕਾਮੇਡੀਅਨ ਨੇ ਇਹ ਕਹਿੰਦਿਆਂ ਪੇਸ਼ਕਸ਼ ਠੁਕਰਾਉਣ ਦਾ ਦਾਅਵਾ ਕੀਤਾ ਕਿ ਉਹ ‘ਬਿੱਗ ਬੌਸ ਦੀ ਥਾਂ ਪਾਗਲਖਾਨੇ ਜਾਣਾ ਪਸੰਦ ਕਰੇਗਾ।’
ਕਾਮਰਾ ਨੇ ‘ਬਿੱਗ ਬੌਸ’ ਦੇ ਇਸ ਸੀਜ਼ਨ ਲਈ ਕਾਸਟਿੰਗ ਨੂੰ ਹੈਂਡਲ’ ਕਰਨ ਦਾ ਦਾਅਵਾ ਕਰਨ ਵਾਲੇ ਇਕ ਸ਼ਖ਼ਸ ਨਾਲ ਆਪਣੀ ਵੱਟਸਐਪ ਚੈਟ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ। ਕਾਮਰਾ ਵੱਲੋਂ ਸਾਂਝੇ ਕੀਤੇ ਸਕਰੀਨਸ਼ਾਟ ਮੁਤਾਬਕ ਕਾਸਟਿੰਗ ਪ੍ਰੋਫੈਸ਼ਨਲ ਨੇ ਕਿਹਾ ਕਿ ਵਿਚਾਰ ਚਰਚਾ ਦੌਰਾਨ ਕਾਮਰਾ ਦਾ ਨਾਮ ਵੀ ਆਇਆ ਹੈ।
ਇਸ ਪੇਸ਼ੇਵਰ ਨੇ ਟੈਕਸਟ ਵਿਚ ਲਿਖਿਆ, ‘‘ਮੈਨੂੰ ਪਤਾ ਹੈ ਕਿ ਇਹ ਤੁਹਾਡੀ ਰਾਡਾਰ ’ਤੇ ਨਹੀਂ ਹੋ ਸਕਦਾ, ਪਰ ਇਮਾਨਦਾਰੀ ਨਾਲ, ਇਹ ਤੁਹਾਡੇ ਅਸਲੀ ਮਾਹੌਲ ਨੂੰ ਦਿਖਾਉਣ ਅਤੇ ਇੱਕ ਵੱਡੇ ਦਰਸ਼ਕਾਂ ਨੂੰ ਜਿੱਤਣ ਲਈ ਇੱਕ ਪਾਗਲਪਣ ਵਾਲਾ ਮੰਚ ਹੈ। ਤੁਹਾਡਾ ਕੀ ਖਿਆਲ ਹੈ? ਕੀ ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ?’’
ਕਾਮੇਡੀਅਨ ਨੇ ਇਸ ਦੇ ਜਵਾਬ ਵਿਚ ਲਿਖਿਆ, ‘‘ਮੈਂ ਇਸ ਦੀ ਥਾਂ ਕਿਸੇ ਪਾਗਲਖਾਨੇ ਵਿਚ ਜਾਣਾ ਪਸੰਦ ਕਰਾਂਗਾ…।’’ ਉਂਝ ਇਹ ਸਪਸ਼ਟ ਨਹੀਂ ਕਿ ਕਾਮਰਾ, ਜਿਸ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖਿਲਾਫ਼ ਕਥਿਤ ‘ਗੱਦਾਰ’ ਟਿੱਪਣੀ ਕਰਕੇ ਕਈ ਐੱਫਆਈਆਰਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੂੰ ‘ਬਿੱਗ ਬੌਸ’ ਦੇ 19ਵੇਂ ਸੀਜ਼ਨ ਜਾਂ ਇਸ ਦੇ ਓਟੀਟੀ ਵਰਸ਼ਨ ਦੇ ਚੌਥੇ ਸੀਜ਼ਨ ਦੀ ਪੇਸ਼ਕਸ਼ ਕੀਤੀ ਗਈ ਹੈ ਜਾਂ ਨਹੀਂ।’’ ਕਾਮਰਾ ਨੇ ਆਪਣੇ ਯੂਟਿਊਬ ਚੈਨਲ ’ਤੇ ਪਿਛਲੇ ਮਹੀਨੇ ਦਿਖਾਏ ਆਪਣੇ ਨਵੇਂ ਸਟੈਂਡ-ਅਪ ਸ਼ੋਅ ‘ਨਯਾ ਭਾਰਤ’ ਦੌਰਾਨ ਸ਼ਿੰਦੇ ਖਿਲਾਫ਼ ਵਿਵਾਦਿਤ ਟਿੱਪਣੀ ਕੀਤੀ ਸੀ।
ਕਾਮਰਾ ਨੇ ਸੋਮਵਾਰ ਨੂੰ ਔਨਲਾਈਨ ਟਿਕਟਿੰਗ ਪਲੈਟਫਾਰਮ BookMyShow ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਜਾਂ ਤਾਂ ਉਸ ਨੂੰ ਸੂਚੀ ਵਿੱਚੋਂ ਨਾ ਕੱਢਿਆ ਜਾਵੇ ਜਾਂ ਫਿਰ ਦਰਸ਼ਕਾਂ ਦੀ ਸੰਪਰਕ ਜਾਣਕਾਰੀ ਸੌਂਪੀ ਜਾਵੇ ਜੋ ਉਸ ਨੇ ਸਾਲਾਂ ਦੌਰਾਨ ਆਪਣੇ ਸੋਲੋ ਸ਼ੋਅ ਰਾਹੀਂ ਕਮਾਏ ਹਨ।
ਕਾਮੇਡੀਅਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੰਬੇ ਹਾਈ ਕੋਰਟ ਵਿੱਚ ਦਿੱਤੀ ਅਰਜ਼ੀ ਵਿਚ ਸ਼ਿੰਦੇ ਮਾਮਲੇ ’ਚ ਆਪਣੇ ਖਿਲਾਫ਼ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ। ਕਾਮਰਾ ਨੇ ਦਾਅਵਾ ਕੀਤਾ ਹੈ ਕਿ ਸ਼ੋਅ ਮਗਰੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਇਸ ਲਈ ਕਾਮੇਡੀਅਨ ਨੇ ਪੁਲੀਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਹੈ।