ਹਸਪਤਾਲ ’ਚ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ

ਹਸਪਤਾਲ ’ਚ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ

ਨਵੀਂ ਦਿੱਲੀ, -ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਦਕਿ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨਸੀਪੀਸੀਆਰ) ਨੇ ਘਟਨਾ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ।

ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ‘ਬੇਬੀ ਕੇਅਰ ਨਿਊ ​​ਬੌਰਨ’ ਹਸਪਤਾਲ ਵਿੱਚ ਸ਼ਨਿਚਰਵਾਰ ਰਾਤ ਕਰੀਬ 11:30 ਵਜੇ ਅੱਗ ਲੱਗੀ ਤੇ ਦੋ ਹੋਰ ਇਮਾਰਤਾਂ ਵਿੱਚ ਫੈਲ ਗਈ। ਡਿਵੀਜ਼ਨਲ ਫਾਇਰ ਅਫਸਰ ਰਾਜਿੰਦਰ ਅਟਵਾਲ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ 16 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾ ਇਮਾਰਤ ’ਚ ਆਕਸੀਜਨ ਸਿਲੰਡਰ ਫਟਣ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਇਕ ਹੋਰ ਫਾਇਰ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਦੋ ਬੁਟੀਕ, ਨਾਲ ਲੱਗਦੀ ਇਮਾਰਤ ’ਚ ਇੰਡਸਇੰਡ ਬੈਂਕ ਦਾ ਹਿੱਸਾ ਤੇ ਦੁਕਾਨ ਵੀ ਨੁਕਸਾਨੀ ਗਈ।

ਡੀਐੱਫਐੱਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ 12 ਨਵਜੰਮੇ ਬੱਚਿਆਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ ਗਿਆ ਸੀ ਪਰ ਇਨ੍ਹਾਂ ’ਚੋਂ ਸੱਤ ਦੀ ਮੌਤ ਹੋ ਗਈ। ਪੰਜ ਬੱਚੇ ਦੂਜੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲੀਸ ਨੇ ਮੁਤਾਬਕ ਲਾਸ਼ਾਂ ਪੋਸਟਮਾਰਟਮ ਲਈ ਜੀਟੀਬੀ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਡੀਸੀਪੀ (ਸ਼ਾਹਦਰਾ) ਸੁਰਿੰਦਰ ਚੌਧਰੀ ਨੇ ਦੱਸਿਆ ਕਿ ਹਸਪਤਾਲ ਦੇ ਮਾਲਕ ਨਵੀਨ ਕੀਚੀ ਖ਼ਿਲਾਫ਼ ਵਿਵੇਕ ਵਿਹਾਰ ਥਾਣੇ ’ਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਚੌਧਰੀ ਨੇ ਕਿਹਾ ਕਿ ਉਹ ਹਸਪਤਾਲ ਦੇ ਅੱਗ ਬੁਝਾਊ ਪ੍ਰਮਾਣ ਪੱਤਰ ਦੀ ਜਾਂਚ ਕਰ ਰਹੇ ਹਨ। ਐੱਨਸੀਪੀਸੀਆਰ ਨੇ ਘਟਨਾ ਦੀ ਜਾਂਚ ਲਈ ਟੀਮ ਤਾਇਨਾਤ ਕੀਤੀ ਹੈ। ਐੱਨਸੀਪੀਸੀਆਰ ਦੇ ਚੇਅਰਮੈਨ ਪ੍ਰਿਯੰਕ ਕਾਨੂੰਗੋ ਨੇ ਕਿਹਾ ਕਿ ਕਮਿਸ਼ਨ ਨੇ ਘਟਨਾ ਤੇ ਨੋਟਿਸ ਲਿਆ ਹੈ ਤੇ ਜਾਂਚ ਲਈ ਇਕ ਟੀਮ ਹਸਪਤਾਲ ਦਾ ਦੌਰਾ ਕਰੇਗੀ।