ਲੋਕ ਸਭਾ ਚੋਣਾਂ-2024 ਦਾ ਛੇਵਾਂ ਗੇੜ: 58 ਸੀਟਾਂ ’ਤੇ ਸਵੇਰੇ 11 ਵਜੇ ਤੱਕ 25.76% ਪੋਲਿੰਗ

ਲੋਕ ਸਭਾ ਚੋਣਾਂ-2024 ਦਾ ਛੇਵਾਂ ਗੇੜ: 58 ਸੀਟਾਂ ’ਤੇ ਸਵੇਰੇ 11 ਵਜੇ ਤੱਕ 25.76% ਪੋਲਿੰਗ

ਨਵੀਂ ਦਿੱਲੀ, -ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਸਮੇਤ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸਵੇਰ ਤੋਂ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ 25.76 ਫੀਸਦ ਪੋਲਿੰਗ ਹੋਈ। ਇਸ ਪੜਾਅ ਵਿੱਚ 11 ਕਰੋੜ ਤੋਂ ਵੱਧ ਵੋਟਰ 889 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਛੇਵੇਂ ਪੜਾਅ ‘ਚ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ ਦੀਆਂ 8, ਬਿਹਾਰ ਦੀਆਂ 8, ਦਿੱਲੀ ਦੀਆਂ 7, ਉੜੀਸਾ ਦੀਆਂ 6, ਝਾਰਖੰਡ ਦੀਆਂ ਚਾਰ ਅਤੇ ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਉੜੀਸਾ ਵਿੱਚ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ 42 ਸੀਟਾਂ ਲਈ ਵੀ ਵੋਟਿੰਗ ਹੋ ਰਹੀ ਹੈ। ਹਰਿਆਣਾ ਦੀ ਕਰਨਾਲ ਵਿਧਾਨ ਸਭਾ ਸੀਟ ਅਤੇ ਉੱਤਰ ਪ੍ਰਦੇਸ਼ ਦੀ ਗੌਸੜੀ ਵਿਧਾਨ ਸਭਾ ਸੀਟ ‘ਤੇ ਵੀ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ।