ਜਲ ਸੈਨਾ ਦੇ ਕਮਾਂਡੋਜ਼ ਨੇ ਅਗਵਾ ਜਹਾਜ਼ ਬਚਾਇਆ

ਜਲ ਸੈਨਾ ਦੇ ਕਮਾਂਡੋਜ਼ ਨੇ ਅਗਵਾ ਜਹਾਜ਼ ਬਚਾਇਆ

ਨਵੀਂ ਦਿੱਲੀ-ਉੱਤਰੀ ਅਰਬ ਸਾਗਰ ’ਚ ਮਾਲਵਾਹਕ ਜਹਾਜ਼ ਅਗਵਾ ਕੀਤੇ ਜਾਣ ਦੀ ਕੋਸ਼ਿਸ਼ ਮਗਰੋਂ ਭਾਰਤੀ ਜਲ ਸੈਨਾ ਦੇ ਮਾਰਕੋਸ ਕਮਾਂਡੋਜ਼ ਨੇ ਤੁਰੰਤ ਹਰਕਤ ’ਚ ਆਉਂਦਿਆਂ ਉਸ ’ਚ ਸਵਾਰ 15 ਭਾਰਤੀਆਂ ਸਮੇਤ ਚਾਲਕ ਦਲ ਦੇ 21 ਮੈਂਬਰਾਂ ਨੂੰ ਅੱਜ ਬਚਾਅ ਲਿਆ। ਜਲ ਸੈਨਾ ਨੂੰ ਜਾਣਕਾਰੀ ਮਿਲੀ ਸੀ ਕਿ ਲਾਇਬੇਰੀਆ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ਐੱਮਵੀ ਲੀਲਾ ਨੌਰਫੋਕ ਨੂੰ ਸੋਮਾਲੀਆ ਦੇ ਤੱਟ ’ਤੇ ਵੀਰਵਾਰ ਦੇਰ ਸ਼ਾਮ ਪੰਜ ਤੋਂ ਛੇ ਹਥਿਆਰਬੰਦ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਜਲ ਸੈਨਾ ਨੇ ਲੋਕਾਂ ਨੂੰ ਬਚਾਉਣ ਅਤੇ ਅਗਵਾਕਾਰਾਂ ਤੋਂ ਜਹਾਜ਼ ਛੁਡਾਉਣ ਲਈ ਆਪਣਾ ਜੰਗੀ ਬੇੜਾ, ਸਮੁੰਦਰੀ ਗਸ਼ਤੀ ਜਹਾਜ਼, ਹੈਲੀਕਾਪਟਰ, ਪੀ-81 ਅਤੇ ਲੰਮੀ ਦੂਰੀ ਦੇ ਜਹਾਜ਼ ਅਤੇ ਪ੍ਰੀਡੇਟਰ ਐੱਮਕਿਊ9ਬੀ ਡਰੋਨ ਤਾਇਨਾਤ ਕਰ ਦਿੱਤੇ ਸਨ। ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ,‘‘ਜਹਾਜ਼ ’ਚ ਸਵਾਰ 15 ਭਾਰਤੀਆਂ ਸਮੇਤ ਚਾਲਕ ਦਲ ਦੇ 21 ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਮੈਰੀਨ ਕਮਾਂਡੋਜ਼ ਨੇ ਜਹਾਜ਼ ਦੀ ਤਲਾਸ਼ੀ ਲੈਣ ਮਗਰੋਂ ਪੁਸ਼ਟੀ ਕੀਤੀ ਹੈ ਕਿ ਉਸ ’ਚ ਅਗਵਾਕਾਰ ਨਹੀਂ ਸਨ। ਇੰਜ ਜਾਪਦਾ ਹੈ ਕਿ ਭਾਰਤੀ ਜਲ ਸੈਨਾ ਦੇ ਗਸ਼ਤੀ ਜਹਾਜ਼ ਅਤੇ ਜੰਗੀ ਬੇੜੇ ਵੱਲੋਂ ਦਿੱਤੀਆਂ ਗਈਆਂ ਸਖ਼ਤ ਚਿਤਾਵਨੀਆਂ ਨੂੰ ਦੇਖਦਿਆਂ ਸਮੁੰਦਰੀ ਡਾਕੂ ਜਹਾਜ਼ ਛੱਡ ਕੇ ਚਲੇ ਗਏ।’’ ਮਧਵਾਲ ਨੇ ਕਿਹਾ ਕਿ ਆਈਐੱਨਐੱਸ ਚੇਨੱਈ ਜਹਾਜ਼ ਐੱਮਵੀ ਲੀਲਾ ਨੌਰਫੋਕ ਦੇ ਨੇੜੇ ਹੈ ਅਤੇ ਉਹ ਉਸ ’ਚ ਬਿਜਲੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਤੋਂ ਇਲਾਵਾ ਜਹਾਜ਼ ਨੂੰ ਅਗਲੀ ਬੰਦਰਗਾਹ ਤੱਕ ਪਹੁੰਚਾਉਣ ਦੇ ਯਤਨਾਂ ’ਚ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਆਈਐੱਨਐੱਸ ਚੇਨੱਈ ਜਹਾਜ਼ ਦਾ ਪਿੱਛਾ ਕਰਦਿਆਂ ਅੱਜ ਦੁਪਹਿਰ ਬਾਅਦ ਸਵਾ ਤਿੰਨ ਵਜੇ ਉਸ ਨੇੜੇ ਪਹੁੰਚ ਗਿਆ ਸੀ। ਜ਼ਿਕਰਯੋਗ ਹੈ ਕਿ ਐੱਮਵੀ ਲੀਲਾ ਨੌਰਫੋਕ ਤੋਂ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨਜ਼ ਦੇ ਪੋਰਟਲ ’ਤੇ ਸੁਨੇਹਾ ਭੇਜਿਆ ਗਿਆ ਸੀ ਕਿ ਪੰਜ ਤੋਂ ਛੇ ਹਥਿਆਰਬੰਦ ਵਿਅਕਤੀਆਂ ਨੇ ਵੀਰਵਾਰ ਸ਼ਾਮ ਜਹਾਜ਼ ਨੂੰ ਅਗਵਾ ਕਰ ਲਿਆ ਹੈ। ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਇਜ਼ਰਾਈਲ-ਹਮਾਸ ਜੰਗ ਦਰਮਿਆਨ ਹੂਤੀ ਅਤਿਵਾਦੀਆਂ ਨੇ ਲਾਲ ਸਾਗਰ ’ਚ ਮਾਲਵਾਹਕ ਜਹਾਜ਼ਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ ਜਿਸ ਨੂੰ ਲੈ ਕੇ ਅਮਰੀਕਾ ਸਮੇਤ ਹੋਰ ਮੁਲਕਾਂ ਨੇ ਚਿੰਤਾ ਪ੍ਰਗਟਾਈ ਹੈ।