ਟਰੱਕ ਚਾਲਕਾਂ ਦੀ ਹੜਤਾਲ ਕਾਰਨ ਲੋਕ ਬੇਹਾਲ

ਟਰੱਕ ਚਾਲਕਾਂ ਦੀ ਹੜਤਾਲ ਕਾਰਨ ਲੋਕ ਬੇਹਾਲ

ਨਵੀਂ ਦਿੱਲੀ-ਨਵੇਂ ਕਾਨੂੰਨ ਤਹਿਤ ‘ਹਿੱਟ ਐਂਡ ਰਨ’ ਕੇਸਾਂ ਵਿੱਚ ਸਖ਼ਤ ਸਜ਼ਾ ਦੀ ਵਿਵਸਥਾ ਖਿਲਾਫ਼ ਟੈਂਕਰ ਤੇ ਟਰੱਕ ਚਾਲਕਾਂ ਵੱਲੋਂ ਕੀਤੀ ਹੜਤਾਲ ਦੇ ਦੂਜੇ ਦਿਨ ਕਈ ਰਾਜਾਂ ਵਿਚ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ। ਸਰਕਾਰ ਨਾਲ ਗੱਲਬਾਤ ਮਗਰੋਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏਆਈਐੱਮਟੀਸੀ) ਨੇ ਟਰੱਕ ਚਾਲਕਾਂ ਨੂੰ ਹੜਤਾਲ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਜਥੇਬੰਦੀ ਨੂੰ ਉਸ ਦੇ ਮੈਂਬਰਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਨਵਾਂ ਕਾਨੂੰਨ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ। ਉਧਰ ਸਰਕਾਰ ਵਿਚਲੇ ਸੂਤਰ ਨੇ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨਾਲ ਜਥੇਬੰਦੀ ਦੇ ਆਗੂਆਂ ਦੀ ਬੈਠਕ ਉਪਰੰਤ ਮਸਲਾ ਹੱਲ ਹੋ ਗਿਆ ਹੈ। ਟਰੱਕ ਡਰਾਈਵਰਾਂ ਦੀ ਹੜਤਾਲ ਕਰਕੇ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਅਜੇ ਵੀ ਬਣਿਆ ਹੋਇਆ ਹੈ। ਲੋਕਾਂ ਵਿੱਚ ਦਹਿਸ਼ਤ ਕਰਕੇ ਪੈਟਰੋਲ ਪੰਪਾਂ ਦੇ ਬਾਹਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਰਕੇ ਕਈ ਥਾਈਂ ਪੰਪਾਂ ’ਚ ਈਂਧਣ ਮੁੱਕ ਗਿਆ। ਚੰਡੀਗੜ੍ਹ ਤੇ ਹਿਮਾਚਲ ਨੇ ਆਪਣੇ ਪੈਟਰੋਲ ਪੰਪਾਂ ’ਤੇ ਵਾਹਨ ਚਾਲਕਾਂ ਲਈ ਈਂਧਣ ਦਾ ਕੋਟਾ ਮੁਕੱਰਰ ਕਰ ਦਿੱਤਾ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਟਰੱਕ ਚਾਲਕਾਂ ਨੇ ਸਥਾਨਕ ਅਥਾਰਿਟੀਜ਼ ਵੱਲੋਂ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਮਗਰੋਂ ਹੜਤਾਲ ਖ਼ਤਮ ਕਰ ਦਿੱਤੀ। ਉਧਰ ਰਾਜਸਥਾਨ ਦੇ ਕੇਕੜੀ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਨੂੰ ਹਜੂਮ ਨੇ ਪੁਲੀਸ ਵਾਹਨ ਨੂੰ ਅੱਗ ਲਾ ਦਿੱਤੀ ਤੇ ਸੁਰੱਖਿਆ ਅਮਲੇ ’ਤੇ ਪੱਥਰਬਾਜ਼ੀ ਕੀਤੀ। ਇਸ ਘਟਨਾ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।