ਧਨਖੜ ਦੀ ਨਕਲ ਉਤਾਰਨ ਦੇ ਮਾਮਲੇ ’ਤੇ ਸਿਆਸਤ ਭਖੀ

ਧਨਖੜ ਦੀ ਨਕਲ ਉਤਾਰਨ ਦੇ ਮਾਮਲੇ ’ਤੇ ਸਿਆਸਤ ਭਖੀ

ਨਵੀਂ ਦਿੱਲੀ-ਟੀਐੱਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਉਤਾਰਨ ਦੇ ਵਿਵਾਦ ’ਤੇ ਸਿਆਸਤ ਭਖ ਗਈ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਨਿਰਾਸ਼ਾ ਜਤਾਈ ਹੈ। ਧਨਖੜ, ਜੋ ਰਾਜ ਸਭਾ ਦੇ ਚੇਅਰਪਰਸਨ ਵੀ ਹਨ, ਨੇ ਸਦਨ ’ਚ ਕਿਹਾ ਕਿ ਉਹ ਸੰਸਦ ਜਾਂ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਕਿਸੇ ਵੀ ਅਪਮਾਨ ਨੂੰ ਸਹਿਣ ਨਹੀਂ ਕਰਨਗੇ। ਉਧਰ ਕਲਿਆਣ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਆਗੂ ਦੀ ਹਮਾਇਤ ਕੀਤੀ ਜਦਕਿ ਕਾਂਗਰਸ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ 140 ਤੋਂ ਵੱਧ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦੇ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਹੈ। ਧਨਖੜ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਮੰਤਰੀਆਂ ਨਿਰਮਲਾ ਸੀਤਾਰਾਮਨ, ਪਿਯੂਸ਼ ਗੋਇਲ ਅਤੇ ਨਿਤਿਨ ਗਡਕਰੀ ਸਮੇਤ ਹੁਕਮਰਾਨ ਧਿਰ ਦੇ ਹੋਰ ਆਗੂਆਂ ਨੇ ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਹਿੱਸਾ ਲਿਆ ਪਰ ਉਹ ਕਰੀਬ 10 ਮਿੰਟ ਤੱਕ ਖਾਮੋਸ਼ ਖੜ੍ਹੇ ਰਹੇ। ਭਾਜਪਾ ਆਗੂਆਂ ਨੇ ਕਿਹਾ ਕਿ ਉਹ ਚੇਅਰਪਰਸਨ ਦੇ ਅਪਮਾਨ ਦੇ ਵਿਰੋਧ ’ਚ ਖਾਮੋਸ਼ ਖੜ੍ਹੇ ਰਹਿਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਐਕਸ’ ’ਤੇ ਕਿਹਾ ਕਿ ਜਿਸ ਢੰਗ ਨਾਲ ਟੀਐੱਮਸੀ ਆਗੂ ਕਲਿਆਣ ਬੈਨਰਜੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਧਨਖੜ ਦਾ ਅਪਮਾਨ ਕੀਤਾ ਹੈ, ਉਹ ਦੇਸ਼ ਦੀਆਂ ਜਮਹੂਰੀ ਕਦਰਾਂ-ਕੀਮਤਾਂ ’ਤੇ ਧੱਬਾ ਹੈ।