ਨੌਕਰੀ ਬਦਲੇ ਜ਼ਮੀਨ: ਤੇਜਸਵੀ ਅਤੇ ਲਾਲੂ ਯਾਦਵ ਨੂੰ ਸੰਮਨ

ਨੌਕਰੀ ਬਦਲੇ ਜ਼ਮੀਨ: ਤੇਜਸਵੀ ਅਤੇ ਲਾਲੂ ਯਾਦਵ ਨੂੰ ਸੰਮਨ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੇ ਉਸ ਦੇ ਪਿਤਾ ਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਨੂੰ ਪੁੱਛ-ਪੜਤਾਲ ਲਈ ਤਲਬ ਕੀਤਾ ਹੈ। ਤੇਜਸਵੀ ਨੂੰ 22 ਦਸੰਬਰ ਅਤੇ ਲਾਲੂ ਯਾਦਵ ਨੂੰ 27 ਦਸੰਬਰ ਨੂੰ ਦਿੱਲੀ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਇਸ ਤੋਂ ਪਹਿਲਾਂ ਈਡੀ ਨੇ 11 ਅਪਰੈਲ ਨੂੰ ਇਸੇ ਮਾਮਲੇ ’ਚ ਕਰੀਬ ਅੱਠ ਘੰਟਿਆਂ ਤੱਕ ਤੇਜਸਵੀ ਤੋਂ ਪੁੱਛ-ਪੜਤਾਲ ਕੀਤੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਲਾਲੂ ਪ੍ਰਸਾਦ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਈਡੀ ਵੱਲੋਂ ਨਵੰਬਰ ’ਚ ਲਾਲੂ ਪ੍ਰਸਾਦ ਦੇ ਪਰਿਵਾਰ ਦੇ ਨੇੜਲੇ ਸਹਿਯੋਗੀ ਅਮਿਤ ਕਟਿਆਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਇਹ ਸੰਮਨ ਜਾਰੀ ਹੋਏ ਹਨ। ਇਹ ਕਥਿਤ ਘੁਟਾਲਾ ਉਸ ਸਮੇਂ ਦਾ ਹੈ ਜਦੋਂ ਯੂਪੀਏ-1 ਸਰਕਾਰ ’ਚ ਲਾਲੂ ਪ੍ਰਸਾਦ ਰੇਲ ਮੰਤਰੀ ਸਨ। ਦੋਸ਼ਾਂ ਮੁਤਾਬਕ 2004 ਤੋਂ 2009 ਤੱਕ ਕਈ ਲੋਕਾਂ ਨੇ ਭਾਰਤੀ ਰੇਲਵੇ ਦੇ ਵੱਖ ਵੱਖ ਜ਼ੋਨਾਂ ’ਚ ਗਰੁੱਪ ਡੀ ਦੀਆਂ ਪੋਸਟਾਂ ’ਤੇ ਨਿਯੁਕਤੀ ਦੇ ਬਦਲੇ ’ਚ ਆਪਣੀਆਂ ਜ਼ਮੀਨਾਂ ਲਾਲੂ ਪ੍ਰਸਾਦ ਦੇ ਪਰਿਵਾਰ ਦੇ ਨਾਮ ਕਰਵਾ ਦਿੱਤੀਆਂ ਸਨ। ਈਡੀ ਨੇ ਪਹਿਲਾਂ ਆਪਣੇ ਬਿਆਨ ’ਚ ਦਾਅਵਾ ਕੀਤਾ ਸੀ ਕਿ ਜਦੋਂ ਉਮੀਦਵਾਰਾਂ ਤੋਂ ਲਾਲੂ ਪ੍ਰਸਾਦ ਦੀ ਤਰਫ਼ੋਂ ਜ਼ਮੀਨ ਹਾਸਲ ਕੀਤੀ ਗਈ ਸੀ ਤਾਂ ਕਟਿਆਲ ਏ ਕੇ ਇੰਫੋਸਿਸਟਮਜ਼ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਸੀ। ਪਿਛਲੇ ਕੁਝ ਮਹੀਨਿਆਂ ਤੋਂ ਈਡੀ ਨੇ ਆਰਜੇਡੀ ਸੁਪਰੀਮੋ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਨ੍ਹਾਂ ਦੀਆਂ ਧੀਆਂ ਮੀਸਾ ਭਾਰਤੀ (ਰਾਜ ਸਭਾ ਮੈਂਬਰ), ਚੰਦਾ ਯਾਦਵ ਅਤੇ ਰਾਗਿਨੀ ਯਾਦਵ ਤੋਂ ਵੀ ਪੁੱਛ-ਪੜਤਾਲ ਕੀਤੀ ਹੈ।