ਪੁਲੀਸ ਵੱਲੋਂ ਸੜੇ ਹੋਏ ਫੋਨ ਦੇ ਟੁਕੜੇ ਬਰਾਮਦ

ਪੁਲੀਸ ਵੱਲੋਂ ਸੜੇ ਹੋਏ ਫੋਨ ਦੇ ਟੁਕੜੇ ਬਰਾਮਦ

ਨਵੀਂ ਦਿੱਲੀ-ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਦੇ ਚਾਰ ਦਿਨਾਂ ਬਾਅਦ ਦਿੱਲੀ ਪੁਲੀਸ ਨੇ ਰਾਜਸਥਾਨ ਦੇ ਨਾਗੌਰ ਤੋਂ ਟੁੱਟੇ ਤੇ ਸੜੇ ਹੋਏ ਕੁਝ ਮੋਬਾਈਲ ਫੋਨ ਦੇ ਟੁਕੜੇ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਐਫਆਈਆਰ ਵਿਚ ਸਬੂਤ ਮਿਟਾਉਣ ਨਾਲ ਜੁੜੀਆਂ ਆਈਪੀਸੀ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਲਲਿਤ ਝਾਅ ਦੀ ਨਿਸ਼ਾਨਦੇਹੀ ਉਤੇ ਸ਼ਨਿਚਰਵਾਰ ਨੂੰ ਮੋਬਾਈਲ ਫੋਨ ਦੇ ਕੁਝ ਟੁਕੜੇ ਬਰਾਮਦ ਕੀਤੇ ਗਏ ਹਨ, ਜੋ ਮਾਮਲੇ ਵਿਚ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਛੇ ਲੋਕਾਂ ਵਿਚੋਂ ਇਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਇਕ ਟੀਮ ਸ਼ਨਿਚਰਵਾਰ ਨੂੰ ਝਾਅ ਨੂੰ ਰਾਜਸਥਾਨ ਦੇ ਨਾਗੌਰ ਲੈ ਕੇ ਗਈ ਜਿੱਥੇ ਉਹ ਮੁਲਜ਼ਮ ਮਹੇਸ਼ ਕੁਮਾਵਤ ਦੀ ਮਦਦ ਨਾਲ ਰੁਕਿਆ ਸੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ 13 ਦਸੰਬਰ ਨੂੰ ਦਰਜ ਐਫਆਈਆਰ ਵਿਚ ਧਾਰਾ 201 (ਸਬੂਤ ਨਸ਼ਟ ਕਰਨਾ/ਗਾਇਬ ਕਰਨਾ) ਸਣੇ ਆਈਪੀਸੀ ਦੀਆਂ ਹੋਰ ਧਾਰਾਵਾਂ ਜੋੜਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਯੂਏਪੀਏ ਕਾਨੂੰਨ ਤਹਿਤ ਅਤਿਵਾਦ ਦੇ ਦੋਸ਼ ਦਰਜ ਕੀਤੇ ਹਨ। ਪੁਲੀਸ ਨੇ ਕਿਹਾ ਕਿ ਝਾਅ ਤੇ ਕੁਮਾਵਤ ਨੇ ਮਾਮਲੇ ਨਾਲ ਸਬੰਧਤ ਤਕਨੀਕੀ ਸਬੂਤ ਲੁਕੋਣ ਲਈ ਜਾਣਬੁੱਝ ਕੇ ਮੋਬਾਈਲ ਫੋਨ ਸਾੜ ਦਿੱਤੇ ਸਨ। ਦਿੱਲੀ ਪੁਲੀਸ ਨੇ ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਦੇ ਮਾਮਲੇ ਵਿਚ ਕਥਿਤ ਸ਼ਮੂਲੀਅਤ ਲਈ ਹੁਣ ਤੱਕ ਛੇ ਲੋਕਾਂ- ਸਾਗਰ ਸ਼ਰਮਾ, ਮਨੋਰੰਜਨ ਡੀ, ਅਮੋਲ ਸ਼ਿੰਦੇ, ਨੀਲਮ ਦੇਵੀ, ਲਲਿਤ ਝਾਅ ਤੇ ਮਹੇਸ਼ ਕੁਮਾਵਤ ਨੂੰ ਗ੍ਰਿਫਤਾਰ ਕੀਤਾ ਹੈ। ਸਾਗਰ ਤੇ ਮਨੋਰੰਜਨ ਨੇ ਸਿਫਰ ਕਾਲ ਦੌਰਾਨ ਦਰਸ਼ਕ ਗੈਲਰੀ ਤੋਂ ਲੋਕ ਸਭਾ ਚੈਂਬਰ ਵਿਚ ਛਾਲ ਮਾਰ ਦਿੱਤੀ ਸੀ ਤੇ ਉਨ੍ਹਾਂ ‘ਕੇਨ’ ਨਾਲ ਪੀਲੀ ਗੈਸ ਉਡਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਉਸੇ ਵੇਲੇ ਸੰਸਦ ਭਵਨ ਦੇ ਬਾਹਰ ਦੋ ਹੋਰ ਮੁਲਜ਼ਮਾਂ ਸ਼ਿੰਦੇ ਤੇ ਨੀਲਮ ਨੇ ‘ਕੇਨ’ ਨਾਲ ਰੰਗੀਨ ਧੂੰਆਂ ਫੈਲਾਉਂਦਿਆਂ ਨਾਅਰੇ ਲਾਏ ਸਨ। ਗੇਟ ਦੇ ਬਾਹਰ ਮੌਜੂਦ ਝਾਅ ਨੇ ਇਸ ਕਾਰਵਾਈ ਨੂੰ ਮੋਬਾਈਲ ਫੋਨ ਉਤੇ ਰਿਕਾਰਡ ਕੀਤਾ ਸੀ। ਇਸ ਨੂੰ ਸੋਸ਼ਲ ਮੀਡੀਆ ਉਤੇ ਅਪਲੋਡ ਕਰ ਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਤੋਂ ਬਾਅਦ ਉਹ ਰਾਜਸਥਾਨ ਦੇ ਨਾਗੌਰ ਚਲਾ ਗਿਆ।