
ਨਵੀਂ ਦਿੱਲੀ-ਸੁਰੱਖਿਆ ਵਿਚ ਸੰਨ੍ਹ ਦੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿਚ ਮੁੜ ਹੰਗਾਮਾ ਹੋਇਆ। ਵਿਰੋਧੀ ਪਾਰਟੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਇਸ ਮੁੱਦੇ ’ਤੇ ਵਿਚਾਰ ਚਰਚਾ ਦੀ ਆਪਣੀ ਮੰਗ ’ਤੇ ਬਜ਼ਿੱਦ ਰਹੀਆਂ। ਰੌਲੇ-ਰੱਪੇ ਕਰਕੇ ਕੋਈ ਵੀ ਸੰਸਦੀ ਕੰਮਕਾਜ ਨਹੀਂ ਹੋ ਸਕਿਆ। ਸੰਸਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਅੱਜ ਲਗਾਤਾਰ ਤੀਜੇ ਦਿਨ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਸੰਸਦੀ ਕਾਰਵਾਈ ਅਸਰਅੰਦਾਜ਼ ਹੋਈ ਹੈ। ਵਿਰੋਧੀ ਪਾਰਟੀਆਂ ਨੇ 14 ਸੰਸਦ ਮੈਂਬਰਾਂ (13 ਲੋਕ ਸਭਾ ਤੇ ਇਕ ਰਾਜ ਸਭਾ ’ਚੋਂ) ਦੀ ਮੁਅੱਤਲੀ ਖਿਲਾਫ਼ ਵੀ ਰੋਸ ਜਤਾਇਆ। ਵਿਰੋਧੀ ਪਾਰਟੀਆਂ ਨੇ ਸਖ਼ਤ ਇਤਰਾਜ਼ ਜਤਾਇਆ ਕਿ ਸ਼ਾਹ ਮੀਡੀਆ ਕਾਨਕਲੇਵ ਵਿਚ ਜਾ ਕੇ ਬਿਆਨ ਦੇ ਸਕਦੇ ਹਨ ਪਰ ਉਹ ‘ਅਜਿਹੇ ਅਹਿਮ ਮੁੱਦੇ’ ਉੱਤੇ ਸੰਸਦ ਵਿੱਚ ਆ ਕੇ ਬਿਆਨ ਦੇਣ ਲਈ ਤਿਆਰ ਨਹੀਂ ਹਨ। ਇਸ ਤੋਂ ਪਹਿਲਾਂ ਅੱਜ ਦਿਨੇ ਲੋਕ ਸਭਾ ਜੁੜੀ ਤਾਂ ਅੱਧੇ ਮਿੰਟ ਬਾਅਦ ਹੀ ਰਾਜੇਂਦਰ ਅਗਰਵਾਲ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਵਿਰੋਧੀ ਧਿਰਾਂ ਦੇ ਮੈਂਬਰਾਂ, ਜਿਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਨੇ ਸਦਨ ਦੇ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ। ਸਦਨ ਮੁੜ ਜੁੜਿਆ ਤਾਂ ਚੇਅਰ ’ਤੇ ਬੈਠੇ ਕਿਰਿਤ ਸੋਲੰਕੀ ਨੇ ਕਾਰਵਾਈ ਦਿਨ ਭਰ ਲਈ ਚੁੱਕ ਦਿੱਤੀ। ਵਿਰੋਧੀ ਧਿਰਾਂ ਅਮਿਤ ਸ਼ਾਹ ਦੇ ਅਸਤੀਫ਼ੇ ਤੇ ਸਦਨ ’ਚ ਉਨ੍ਹਾਂ ਦੀ ਮੌਜੂਦਗੀ ਦੀ ਮੰਗ ਕਰਦੀਆਂ ਰਹੀਆਂ। ਮੈਂਬਰਾਂ ਨੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ ਖਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ। ਫੌਜਦਾਰੀ ਕਾਨੂੰਨਾਂ ਦੀ ਥਾਂ ਲੈਣ ਵਾਲੇ ਤਿੰਨ ਬਿੱਲ ਸੰਸਦੀ ਕੰਮਕਾਜ ਦੇ ਏਜੰਡੇ ਵਿਚ ਸਨ ਪਰ ਇਨ੍ਹਾਂ ਨੂੰ ਵਿਚਾਰ ਚਰਚਾ ਲਈ ਪੇਸ਼ ਨਹੀਂ ਕੀਤਾ ਜਾ ਸਕਿਆ। ਉਧਰ ਰਾਜ ਸਭਾ ਵੀ ਸਵੇਰੇ 11 ਵਜੇ ਜੁੜੀ ਤਾਂ ਕੁਝ ਮਿੰਟਾਂ ਅੰਦਰ ਹੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਚੇਅਰਮੈਨ ਜਗਦੀਪ ਧਨਖੜ ਨੇ ਤਜਵੀਜ਼ਤ ਸੰਸਦੀ ਕੰਮਕਾਜ ਠੱਪ ਕਰਕੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਰੱਦ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਧਨਖੜ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਚੁੱਕ ਦਿੱਤੀ। ਇਸ ਤੋਂ ਪਹਿਲਾਂ ਧਨਖੜ ਨੇ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਤੇ ਸਦਨ ਦੇ ਨੇਤਾ ਪਿਊਸ਼ ਗੋਇਲ ਅਤੇ ਹੋਰਨਾਂ ਆਗੂਆਂ ਨੂੰ ਆਪਣੇ ਚੈਂਬਰ ’ਚ ਮਿਲਣ ਲਈ ਸੱਦਿਆ।