
ਨਵੀਂ ਦਿੱਲੀ-ਐੱਫਬੀਆਈ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਅੱਜ ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਅਧਿਕਾਰੀਆਂ ਨੇ ਸਾਈਬਰ ਨਾਲ ਜੁੜੇ ਵਿੱਤੀ ਅਪਰਾਧਾਂ ਸਣੇ ਹੋਰਨਾਂ ਮਸਲਿਆਂ ’ਤੇ ਵਿਆਪਕ ਸਹਿਯੋਗ ਬਾਰੇ ਗੱਲਬਾਤ ਕੀਤੀ। ਰੇਅ, ਜੋ ਲੰਘੀ ਸ਼ਾਮ ਨੂੰ ਦੋ ਰੋਜ਼ਾ ਫੇਰੀ ਤਹਿਤ ਭਾਰਤ ਪੁੱਜੇ ਸਨ, ਨਾਲ ਕੁਝ ਸੀਨੀਅਰ ਅਮਰੀਕੀ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰੇਅ ਤੇ ਹੋਰ ਅਮਰੀਕੀ ਅਧਿਕਾਰੀ ਸੀਬੀਆਈ ਦੇ ਹੈੱਡਕੁਆਰਟਰ ਪੁੱਜੇ ਅਤੇ ਕਰੀਬ ਇੱਕ ਘੰਟੇ ਤੱਕ ਮੀਟਿੰਗ ਦੌਰਾਨ ਸੰਗਠਿਤ ਅਪਰਾਧ ਨੈੱਟਵਰਕ, ਸਾਈਬਰ ਵਿੱਤੀ ਅਪਰਾਧਾਂ, ਰੈਨਸਮਵੇਅਰ ਖਤਰਿਆਂ ਤੇ ਕੌਮਾਂਤਰੀ ਅਪਰਾਧ ਕਾਰਨ ਪੈਦਾ ਹੋਈਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਦੋਵੇਂ ਜਾਂਚ ਏਜੰਸੀਆਂ ਦੀਆਂ ਸਿਖਲਾਈ ਅਕਾਦਮੀਆਂ ਇੱਕ-ਦੂਜੇ ਨਾਲ ਤਜਰਬੇ ਸਾਂਝੇ ਕਰਨਗੀਆਂ। ਅਧਿਕਾਰੀ ਨੇ ਦੱਸਿਆ ਕਿ ਰੇਅ ਦੋ ਰੋਜ਼ਾ ਯਾਤਰਾ ’ਤੇ ਲੰਘੀ ਸ਼ਾਮ ਦਿੱਲੀ ਪਹੁੰਚੇ ਸਨ ਤੇ ਉਨ੍ਹਾਂ ਦਾ ਭਾਰਤੀ ਕਾਨੂੰਨ ਪ੍ਰਬੰਧਨ ਨਾਲ ਜੁੜੇ ਸਿਖਰਲੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਰੇਅ ਅਤੇ ਸੂਦ ਵਿਚਾਲੇ ਗੱਲਬਾਤ ਅਪਰਾਧਿਕ ਮਾਮਲਿਆਂ ਬਾਰੇ ਸੂਚਨਾਵਾਂ ਸਾਂਝੀਆਂ ਕਰਨ ਦਾ ਪ੍ਰਬੰਧ ਮਜ਼ਬੂਤ ਬਣਾਉਣ, ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ’ਚ ਬਿਹਤਰ ਤਾਲਮੇਲ ਬਿਠਾਉਣ ਅਤੇ ਤਕਨੀਕ ਆਧਾਰਿਤ ਅਪਰਾਧਾਂ ਦੀ ਜਾਂਚ ’ਚ ਮੁਹਾਰਤ ਸਾਂਝੀ ਕਰਨ ’ਤੇ ਕੇਂਦਰਿਤ ਰਹੀ।