ਸਰਕਾਰ ‘ਇੱਕ ਝੰਡਾ-ਇੱਕ ਸੰਵਿਧਾਨ’ ਯਕੀਨੀ ਬਣਾਏਗੀ: ਅਮਿਤ ਸ਼ਾਹ

ਸਰਕਾਰ ‘ਇੱਕ ਝੰਡਾ-ਇੱਕ ਸੰਵਿਧਾਨ’ ਯਕੀਨੀ ਬਣਾਏਗੀ: ਅਮਿਤ ਸ਼ਾਹ

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ’ਚ ਧਾਰਾ 370 ਮਨਸੂਖ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਿੱਚ ਸਿਰਫ਼ ਇੱਕ ਝੰਡਾ ਤੇ ਇੱਕ ਸੰਵਿਧਾਨ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ‘ਇੱਕ ਝੰਡਾ, ਇੱਕ ਪ੍ਰਧਾਨ ਮੰਤਰੀ, ਇੱਕ ਸੰਵਿਧਾਨ’ ਦੀ ਧਾਰਨਾ ਕੋਈ ਸਿਆਸੀ ਨਾਅਰਾ ਨਹੀਂ ਹੈ ਤੇ ਭਾਰਤੀ ਜਨਤਾ ਪਾਰਟੀ ਇਸ ਸਿਧਾਂਤ ’ਚ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦੀ ਹੈ ਅਤੇ ਉਸ ਨੇ ਜੰਮੂ ਕਸ਼ਮੀਰ ’ਚ ਇਹ ਕਰਕੇ ਦਿਖਾਇਆ ਹੈ। ਉਹ ਲੋਕ ਸਭਾ ’ਚ ਜੰਮੂ ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ ਤੇ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ ’ਤੇ ਬਹਿਸ ਦੌਰਾਨ ਟੀਐੱਮਸੀ ਦੇ ਸੰਸਦ ਮੈਂਬਰ ਸੌਗਾਤਾ ਰਾਏ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦੇ ਰਹੇ ਸਨ।ਸ਼ਾਹ ਨੇ ਕਿਹਾ ਕਿ ਇੱਕ ਦੇਸ਼ ਵਿੱਚ ਦੋ ਪ੍ਰਧਾਨ ਮੰਤਰੀ, ਦੋ ਸੰਵਿਧਾਨ ਅਤੇ ਦੋ ਝੰਡੇ ਕਿਵੇਂ ਹੋ ਸਕਦੇ ਹਨ। ਉਨ੍ਹਾਂ ਰਾਏ ਦੀ ਟਿੱਪਣੀਆਂ ਨੂੰ ਇਤਰਾਜ਼ਯੋਗ ਕਰਾਰ ਦਿੱਤਾ। ਵਿਰੋਧ ਮੈਂਬਰਾਂ ਦੀ ਇੱਕ ਟਿੱਪਣੀ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ, ‘ਜਿਸ ਨੇ ਵੀ ਇਹ ਕੀਤਾ ਸੀ, ਉਹ ਗਲਤ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਦਰੁਸਤ ਕੀਤਾ ਹੈ। ਤੁਹਾਡੀ ਸਹਿਮਤੀ ਜਾਂ ਅਸਹਿਮਤੀ ਕੋਈ ਮਾਇਨੇ ਨਹੀਂ ਰੱਖਦੀ। ਪੂਰਾ ਦੇਸ਼ ਇਹ ਚਾਹੁੰਦਾ ਸੀ।’ ਉਨ੍ਹਾਂ ਇਹ ਟਿੱਪਣੀ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਦੇ ਸੰਦਰਭ ਵਿੱਚ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਕ ਨਿਸ਼ਾਨ, ਇੱਕ ਪ੍ਰਧਾਨ, ਇੱਕ ਸੰਵਿਧਾਨ ਕੋਈ ਚੁਣਾਵੀ ਨਾਅਰਾ ਨਹੀਂ ਸੀ। ਉਨ੍ਹਾਂ ਕਿਹਾ, ‘ਅਸੀਂ 1950 ਤੋਂ ਕਹਿੰਦੇ ਆ ਰਹੇ ਹਾਂ ਕਿ ਇੱਕ ਦੇਸ਼ ਵਿੱਚ ਇੱਕ ਪ੍ਰਧਾਨ ਮੰਤਰੀ, ਇੱਕ ਝੰਡਾ ਤੇ ਇੱਕ ਸੰਵਿਧਾਨ ਹੋਣਾ ਚਾਹੀਦਾ ਹੈ ਅਤੇ ਅਸੀਂ ਇਹ ਕਰਕੇ ਦਿਖਾਇਆ ਹੈ।’ ਜੰਮੂ ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ ਅਤੇ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ ’ਤੇ ਸੌਗਾਤਾ ਰਾਏ ਦਾ ਭਾਸ਼ਣ ਮੁੱਕਣ ਮਗਰੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਟੀਐੱਮਸੀ ਆਗੂ ਨੂੰ ਸ਼ਿਆਮਾ ਪ੍ਰਦਾਸ ਮੁਖਰਜੀ ਦਾ ਜ਼ਿਕਰ ਕਰਦੇ ਸਮੇਂ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕਰਨਾ ਚਾਹੀਦਾ ਹੈ। ਇਸ ’ਤੇ ਰਾਏ ਨੇ ਕਿਹਾ ਕਿ ਮੁਖਰਜੀ ਦੇ ਨਾਂ ’ਤੇ ਖੁੱਲ੍ਹੇ ਕਾਲਜ ’ਚ ਉਨ੍ਹਾਂ ਨੂੰ ਪੜ੍ਹਾਇਆ ਗਿਆ ਸੀ ਕਿ ‘ਇੱਕ ਨਿਸ਼ਾਨ, ਇੱਕ ਪ੍ਰਧਾਨ, ਇੱਕ ਸੰਵਿਧਾਨ’ ਉਨ੍ਹਾਂ ਦਾ ਨਾਅਰਾ ਸੀ ਅਤੇ ਇਹ ਇੱਥ ਸਿਆਸੀ ਨਾਅਰਾ ਸੀ। ਇਸ ਤੋਂ ਪਹਿਲਾਂ ਦਿਨ ਵੇਲੇ ਲੋਕ ਸਭਾ ’ਚ ਜੰਮੂ ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ, 2023 ਅਤੇ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2023 ’ਤੇ ਬਹਿਸ ਦੌਰਾਨ ਸੌਗਾਤਾ ਰਾਏ ਨੇ ਕਿਹਾ, ‘ਮੈਨੂੰ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਮਗਰੋਂ ਜੰਮੂ ਕਸ਼ਮੀਰ ਦੇ ਹਾਲਾਤ ਤੋਂ ਸ਼ੁਰੂ ਕਰਨ ਦਿਉ। ਸਭ ਤੋਂ ਵੱਡਾ ਕਦਮ ਉਨ੍ਹਾਂ ਵੱਲੋਂ ਧਾਰਾ 370 ਮਨਸੂਖ ਕਰਨ ਦਾ ਚੁੱਕਿਆ ਗਿਆ ਅਤੇ ਬਾਅਦ ਵਿੱਚ ਜੰਮੂ ਕਸ਼ਮੀਰ ਨੂੰ ਰਾਜ ਤੋਂ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਤਬਦੀਲ ਕਰ ਦਿੱਤਾ ਗਿਆ। ਪਹਿਲਾਂ ਜੰਮੂ ਕਸ਼ਮੀਰ ਤੇ ਦੂਜਾ ਲੱਦਾਖ। ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜਾਂ ’ਚ ਤਬਦੀਲ ਕੀਤਾ ਜਾਂਦਾ ਸੀ ਤੇ ਇੱਥੇ ਅਮਿਤ ਸ਼ਾਹ ਨੇ ਰਾਜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਤਬਦੀਲ ਕਰ ਦਿੱਤਾ। ਤੁਸੀਂ ਕੀ ਹਾਸਲ ਕੀਤਾ?’ ਉਨ੍ਹਾਂ ਕਿਹਾ, ‘ਜੇ ਇੱਥੇ ਵਿਧਾਨ ਸਭਾ ਹੀ ਨਹੀਂ ਹੈ ਤਾਂ ਤੁਸੀਂ ਕਿਉਂ ਤਬਦੀਲੀਆਂ ਲਿਆ ਰਹੇ ਹੋ? ਇੱਥੇ ਵਿਧਾਨ ਸਭਾ ਲਿਆਉ ਤੇ ਫਿਰ ਤਬਦੀਲੀ ਕਰੋ।’