
ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਅਮਰੀਕਾ ਦੇ ਮੁੱਖ ਡਿਪਟੀ ਐੱਨਐੱਸਏ ਜੋਨ ਫਾਈਨਰ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਇਸ ਮੌਕੇ ਕਈ ਦੁਵੱਲੇ ਤੇ ਆਲਮੀ ਮੁੱਦਿਆਂ ਉਤੇ ਵਿਚਾਰ-ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕਾ ਨੇ ਆਪਣੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਇਸ ਕੇਸ ਵਿਚ ਇਕ ਭਾਰਤੀ ਨਾਗਰਿਕ ’ਤੇ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕਿਸੇ ਅਮਰੀਕੀ ਸੁਰੱਖਿਆ ਅਧਿਕਾਰੀ ਨਾਲ ਭਾਰਤੀ ਆਗੂ ਦੀ ਇਹ ਪਹਿਲੀ ਜਨਤਕ ਮੁਲਾਕਾਤ ਹੈ। ਦੱਸਣਯੋਗ ਹੈ ਕਿ ਅਮਰੀਕੀ ਜਾਂਚਕਰਤਾਵਾਂ ਨੇ ਦੋਸ਼ ਲਾਇਆ ਸੀ ਕਿ ਜਿਸ ਵਿਅਕਤੀ ਨੂੰ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਲਈ ਮੁਲਜ਼ਮ ਵਜੋਂ ਕੇਸ ਵਿਚ ਸ਼ਾਮਲ ਕੀਤਾ ਗਿਆ ਹੈ, ਉਹ ਇਕ ਭਾਰਤੀ ਅਧਿਕਾਰੀ ਦੇ ਸੰਪਰਕ ਵਿਚ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਮੁੱਦਾ ਜੈਸ਼ੰਕਰ ਤੇ ਫਾਈਨਰ ਦੀ ਮੀਟਿੰਗ ਵਿਚ ਉੱਭਰਿਆ ਹੈ ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਜੈਸ਼ੰਕਰ ਨੇ ‘ਐਕਸ’ ਉਤੇ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਡਿਪਟੀ ਐੱਨਐੱਸਏ ਨਾਲ ਆਲਮੀ ਸਥਿਤੀ ’ਤੇ ਲਾਭਕਾਰੀ ਵਿਚਾਰ-ਵਟਾਂਦਰਾ ਹੋਇਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਲਾਏ ਦੋਸ਼ਾਂ ਨੂੰ ਭਾਰਤ ਨੇ 30 ਨਵੰਬਰ ਨੂੰ ‘ਚਿੰਤਾ ਦਾ ਵਿਸ਼ਾ’ ਕਰਾਰ ਦਿੱਤਾ ਸੀ। ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਪਿਛਲੇ ਹਫ਼ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਮੇਟੀ ਦੇ ਗਠਨ ਸਬੰਧੀ ਭਾਰਤ ਦੇ ਫੈਸਲੇ ਨੂੰ ‘ਚੰਗਾ ਤੇ ਢੁੱਕਵਾਂ’ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਸਿੱਟਿਆਂ ਦੀ ਉਡੀਕ ਕਰਨਗੇ।ਇਸੇ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅੱਜ ਭਾਰਤ ਦੇ ਦੌਰੇ ਉਤੇ ਆਏ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਸਮੋਈ ਰੂਟੋ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ’ਤੇ ਚਰਚਾ ਹੋਈ। ਕੀਨੀਆ ਦੇ ਆਗੂ ਆਪਣੀ ਭਾਰਤੀ ਹਮਰੁਤਬਾ ਦਰੋਦਪੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ।