ਜੰਗ ਸ਼ੁਰੂ ਨਹੀਂ ਕੀਤੀ ਪਰ ਖ਼ਤਮ ਜ਼ਰੂਰ ਕਰਾਂਗੇ: ਨੇਤਨਯਾਹੂ

ਜੰਗ ਸ਼ੁਰੂ ਨਹੀਂ ਕੀਤੀ ਪਰ ਖ਼ਤਮ ਜ਼ਰੂਰ ਕਰਾਂਗੇ: ਨੇਤਨਯਾਹੂ

ਤਲ ਅਵੀਵ/ਯੇਰੂਸ਼ਲੱਮ/ਗਾਜ਼ਾ-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਇਸਲਾਮਿਕ ਦਹਿਸ਼ਤੀ ਸਮੂਹ ਹਮਾਸ ਨੂੰ ਚੇਤਾਵਨੀ ਦਿੱਤੀ ਹੈ ਕਿ ‘ਜੰਗ ਭਾਵੇਂ ਉਨ੍ਹਾਂ ਦੇ ਮੁਲਕ ਨੇ ਸ਼ੁਰੂ ਨਹੀਂ ਕੀਤੀ, ਪਰ ਉਹ ਇਸ ਨੂੰ ਖ਼ਤਮ ਜ਼ਰੂਰ ਕਰਨਗੇ’। ਨੇਤਨਯਾਹੂ ਨੇ ਸਮੂਹ ਤੋਂ ਬਦਲਾ ਲੈਣ ਦਾ ਅਹਿਦ ਲੈਂਦਿਆਂ ਕਿਹਾ ਕਿ ਇਸ ਦੀ ‘ਗੂੰਜ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੁਣਾਈ ਦੇਵੇਗੀ।’ ਉੁਧਰ ਹਮਾਸ ਨੇ ਵੀ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਜਿੰਨੀ ਵਾਰ ਫਲਸਤੀਨੀ ਘਰਾਂ ਨੂੰ ਨਿਸ਼ਾਨਾ ਬਣਾਏਗਾ, ਉਹ ਓਨੀ ਵਾਰ ਇਜ਼ਰਾਇਲੀ ਬੰਦੀਆਂ ਨੂੰ ਇਕ ਇਕ ਕਰ ਕੇ ਮੌਤ ਦੇ ਘਾਟ ਉਤਾਰਨਗੇ। ਇਸ ਦੌਰਾਨ ਇਜ਼ਰਾਈਲ ਨੇ ਜਵਾਬੀ ਕਾਰਵਾਈ ਲਈ ਤਿੰਨ ਲੱਖ ਫੌਜੀਆਂ ਨੂੰ ਲਾਮਬੰਦ ਕੀਤਾ ਹੈ। ਸਾਲ 1973 ਵਿੱਚ ਯੋਮ ਕਿੱਪੁਰ ਜੰਗ ਮਗਰੋਂ ਇਹ ਹੁੁਣ ਤੱਕ ਦੀ ਸਭ ਤੋਂ ਵੱਡੀ ਲਾਮਬੰਦੀ ਹੈ। ਇਜ਼ਰਾਈਲ ਨੇ ਉਦੋਂ 4 ਲੱਖ ਰਾਖਵੇਂ ਫੌਜੀ ਲਾਮਬੰਦ ਕੀਤੇ ਸਨ। ਪਿਛਲੇ ਚਾਰ ਦਿਨ ਤੋਂ ਜਾਰੀ ਜੰਗ ਵਿੱਚ ਹੁਣ ਤੱਕ 1800 ਤੋਂ ਵੱਧ ਲੋਕ ਮਾਰੇ ਗਏ ਹਨ ਤੇ ਜ਼ਖ਼ਮੀਆਂ ਦਾ ਅੰਕੜਾ 6800 ਨੂੰ ਟੱਪ ਗਿਆ ਹੈ। ਇਜ਼ਰਾਇਲੀ ਫ਼ੌਜ ਨੇ ਦੇਸ਼ ਦੇ ਦੱਖਣੀ ਹਿੱਸੇ ’ਚ ਜ਼ਿਆਦਾਤਰ ਥਾਵਾਂ ’ਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਜ਼ਰਾਈਲ ਦੇ ਇਲਾਕੇ ’ਚੋਂ ਕਰੀਬ 1500 ਹਮਾਸ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਮਿਲੀਆਂ ਹਨ| ਇਜ਼ਰਾਈਲ ਦੇ ਸੂਤਰਾਂ ਮੁਤਾਬਕ ਅਚਨਚੇਤ ਹਮਲੇ ਤੋਂ ਬਾਅਦ ਜਾਰੀ ਜੰਗ ਦੇ ਚੌਥੇ ਦਿਨ ਸਰਹੱਦ ’ਤੇ ਪੂਰਾ ਕੰਟਰੋਲ ਹਾਸਲ ਕਰ ਲਿਆ ਗਿਆ ਹੈ। ਤਰਜਮਾਨ ਰਿਚਰਡ ਹੈਸ਼ਟ ਨੇ ਕਿਹਾ ਕਿ ਪਿਛਲੀ ਰਾਤ ਤੋਂ ਹੁਣ ਤੱਕ ਇਜ਼ਰਾਈਲ ਵਿੱਚ ਇਕ ਵੀ ਹਮਾਸ ਲੜਾਕਾ ਦਾਖਲ ਨਹੀਂ ਹੋਇਆ। ਇਜ਼ਰਾਈਲ ਨੇ ਕਿਹਾ ਕਿ ਹਮਾਸ ਤੇ ਗਾਜ਼ਾ ਵਿਚਲੇ ਹੋਰਨਾਂ ਦਹਿਸ਼ਤੀ ਸਮੂਹਾਂ ਨੇ 150 ਫੌਜੀਆਂ ਤੇ ਆਮ ਨਾਗਰਿਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਇਜ਼ਰਾਈਲ ਨੇ 3 ਲੱਖ ਰਾਖਵੇਂ ਫੌਜੀਆਂ ਦੀ ਲਾਮਬੰਦੀ ਦੇ ਨਾਲ ਹੀ ਗਾਜ਼ਾ ਨੇੜਲੇ ਦਰਜਨਾਂ ਸ਼ਹਿਰਾਂ ਵਿਚੋਂ ਆਪਣੇ ਹਜ਼ਾਰਾਂ ਨਾਗਰਿਕਾਂ ਨੂੰ ਕੱਢ ਲਿਆ ਹੈ। ਗਾਜ਼ਾ ਨਾਲ ਲੱਗਦੀ ਸਰਹੱਦ ’ਤੇ ਟੈਂਕ ਤੇ ਡਰੋਨਾਂ ਦੀ ਤਾਇਨਾਤੀ ਕੀਤੀ ਗਈ ਹੈ।