ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਪੰਜਾਬ ਦੀ ਸਿਆਸਤ ‘ਚ ਕੀਤੀ ਹਲਚਲ

ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਪੰਜਾਬ ਦੀ ਸਿਆਸਤ ‘ਚ ਕੀਤੀ ਹਲਚਲ

ਚੰਡੀਗੜ੍ਹ (ਪੰਜਾਬੀ ਰਾਈਟਰ)- ਕਾਂਗਰਸ 'ਚੋਂ ਕੱਢੇ ਜਾਣ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਸਿਆਸੀ ਕਦਮ ਚੁੱਕਦਿਆਂ ਆਪਣੀ ਨਵੀਂ ਸਿਆਸੀ ਪਾਰਟੀ 'ਭਾਰਤੀ ਰਾਸ਼ਟਰਵਾਦੀ ਪਾਰਟੀ' ਦੇ ਗਠਨ ਦਾ ਐਲਾਨ ਕੀਤਾ ਗਿਆ ਹੈ।  ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਮੈਡਮ ਨਵਜੋਤ ਕੌਰ ਸਿੱਧੂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਡੀ ਭਾਰਤੀ ਰਾਸ਼ਟਰਵਾਦੀ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ।

ਚੋਣਾਂ ਲਈ ਆਪਣਾ ਏਜੰਡਾ ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਮੇਨ ਮਕਸਦ ਕਿਸਾਨੀ 'ਤੇ ਰਹੇਗਾ ਅਤੇ ਤਜ਼ਰਬੇਕਾਰ ਨੂੰ ਹੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ। ਮੰਤਰੀ ਨੂੰ ਇਸ ਦੀ ਰਿਪੋਰਟ ਇਕ ਮਹੀਨੇ ਵਿਚ ਹੀ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਫ਼ੀਮ ਦੀ ਖੇਤੀ ਵੀ ਕਰਨ ਦਿੱਤੀ ਜਾਵੇਗੀ ਅਤੇ ਸਰਕਾਰੀ ਦੇਖ-ਰੇਖ ਵਿਚ ਹੀ ਅਫ਼ੀਮ ਦੀ ਖੇਤੀ ਹੋਵੇਗੀ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਉਸ ਦੀ ਗੁਆਚੀ ਸ਼ਾਨ, ਸੋਨੇ ਦੀ ਚਿੜੀ ਹੋਣ ਦਾ ਮਾਣ ਵਾਪਸ ਦਿਵਾਉਣ ਲਈ ਕੰਮ ਕਰਾਂਗੇ। ਇਹ ਇਕ ਅਜਿਹਾ ਸੂਬਾ ਹੋਵੇਗਾ, ਜਿੱਥੇ ਲੋਕ ਪਿਆ ਨਾਲ ਅਤੇ ਰਲ ਮਿਲ ਕੇ ਰਹਿਣ। ਨਿਆਂ ਸੁਤੰਤਰਤਾ ਦੇ ਅਧਿਕਾਰ ਅਤੇ ਆਜ਼ਾਦੀ ਦੀ ਸ਼ਕਤੀ ਨੂੰ ਪਛਾਣਾਂਗੇ। ਜਿੱਥੇ ਲੋਕ ਬਿਨਾਂ ਕਿਸੇ ਬਾਹਰੀ ਦਖ਼ਲ ਦੇ, ਨਿਸ਼ਕਾਮ ਸੇਵਾ ਅਤੇ ਅਧਿਆਤਮਕ ਵਿਕਾਸ ਦੇ ਉਦੇਸ਼ ਨਾਲ ਕੰਮ ਕਰਦੇ ਹੋਏ ਆਪਣੇ ਉਦੇਸ਼ ਨੂੰ ਦ੍ਰਿਸ਼ਟੀਕੋਣ ਦੇਣਗੇ, ਇਹ ਪੰਜਾਬ ਦੇ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਵੱਲੋਂ ਚਲਾਈ ਜਾਣ ਵਾਲੀ ਸਰਕਾਰ ਹੋਵੇਗੀ।