ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਨੰਗਲ, ਪੁਲੀਸ ਨੂੰ ਭਾਜੜਾਂ

ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਨੰਗਲ, ਪੁਲੀਸ ਨੂੰ ਭਾਜੜਾਂ

ਨੰਗਲ,(ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਅਚਾਨਕ ਸਤਲੁਜ ਸਦਨ ਨੰਗਲ ਦੇ ਦੌਰੇ ਨੇ ਪੁਲੀਸ ਨੂੰ ਭਾਜੜਾਂ ਪਾ ਦਿੱਤੀਆਂ। ਲਗਪਗ ਬਾਅਦ ਦੁਪਹਿਰ ਦੋ ਵਜੇ ਮੁੱਖ ਮੰਤਰੀ ਸਤਲੁਜ ਸਦਨ ਨੰਗਲ ਪਹੁੰਚੇ। ਇਸ ਮਗਰੋਂ ਨੰਗਲ ਵਿੱਚ ਪੁਲੀਸ ਦੀਆਂ ਗੱਡੀਆਂ ਦੇ ਕਾਫ਼ਲੇ ਪਹੁੰਚਣੇ ਸ਼ੁਰੂ ਹੋ ਗਏ| ਮੁੱਖ ਮੰਤਰੀ ਭਗਵੰਤ ਮਾਨ ਹੈਲੀਕਾਪਟਰ ਰਾਹੀਂ ਕ੍ਰਿਕਟ ਮੈਦਾਨ ਨੰਗਲ ਪੁੱਜੇ। ਇਸ ਮਗਰੋਂ ਉਹ ਸੜਕੀ ਰਸਤੇ ਵਾਹਨ ਰਾਹੀਂ ਸਤਲੁਜ ਸਦਨ ਵਿੱਚ ਬਾਅਦ ਦੁਪਹਿਰ 2 ਵੱਜ ਕੇ 50 ਮਿੰਟ ’ਤੇ ਪੰਹੁਚੇ ਤੇ ਇਕ ਘੰਟੇ ਉਪਰੰਤ ਵਾਪਸ ਰਵਾਨਾ ਹੋ ਗਏ| ਕਪੂਰਥਲਾ ਹਾਊਸ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਦਾ ਨੰਗਲ ਦੌਰਾ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਅਚਾਨਕ ਉਹ ਇੱਥੇ ਕਿਸ ਮੰਤਵ ਨਾਲ ਪਹੁੰਚੇ, ਇਸ ਬਾਰੇ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੀ ਇਸ ਫੇਰੀ ਦੌਰਾਨ ਉਨ੍ਹਾਂ ਨਾਲ ਅਦਾਕਾਰ ਬੀਨੂ ਢਿੱਲੋਂ ਵੀ ਸਨ| ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ, ਐੱਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ, ਐੱਸਡੀਐੱਮ ਨੰਗਲ ਮਨਮਜੋਤ ਕੌਰ ਅਤੇ ਹੋਰ ਆਲਾ ਅਧਿਕਾਰੀ ਮੌਜੂਦ ਸਨ|