ਨਿੱਝਰ ਦੀ ਹੱਤਿਆ ਨੂੰ ਸੰਗਠਿਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ: ਰਿਪੋਰਟ

ਨਿੱਝਰ ਦੀ ਹੱਤਿਆ ਨੂੰ ਸੰਗਠਿਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ: ਰਿਪੋਰਟ

ਸਰੀ(ਬ੍ਰਿਟਿਸ਼ ਕੋਲੰਬੀਆ)-ਅਮਰੀਕੀ ਰੋਜ਼ਨਾਮਚੇ ‘ਦਿ ਵਾਸ਼ਿੰਗਟਨ ਪੋਸਟ’ ਨੇ ਇਕ ਵੀਡੀਓ ਦੀ ਸਮੀਖਿਆ ਤੇ ਗਵਾਹਾਂ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਕੈਨੇਡਾ ਆਧਾਰਿਤ ਖਾਲਿਸਤਾਨ ਪੱਖੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਜੂਨ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਵਿੱਚ ਘੱਟੋ-ਘੱਟ ਛੇ ਵਿਅਕਤੀ ਤੇ ਦੋ ਵਾਹਨ ਸ਼ਾਮਲ ਸਨ। ਰੋਜ਼ਨਾਮਚੇ ਨੇ ਕਿਹਾ ਕਿ ਇਸ ਪੂਰੀ ਘਟਨਾ ਨੂੰ, ਜਿਵੇਂ ਕਿ ਪਹਿਲਾਂ ਰਿਪੋਰਟ ਕੀਤਾ ਗਿਆ ਸੀ, ਤੋਂ ਵਧੇਰੇ ਸੰਗਠਿਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ।

ਰਿਪੋਰਟ ਮੁਤਾਬਕ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੇ 18 ਜੂਨ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਦੀ ਜਾਂਚ ਨੂੰ ਲੈ ਕੇ ਬਹੁਤੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਹੱਤਿਆ ਵਾਲੇ ਦਿਨ ਬਹੁਤ ਦੇਰੀ ਨਾਲ ਮੌਕੇ ’ਤੇ ਪੁੱਜੀ ਸੀ। ਵੱਖ ਵੱਖ ਏਜੰਸੀਆਂ ਵਿੱਚ ਅਸਹਿਮਤੀ ਕਰਕੇ ਜਾਂਚ ਹੋਰ ਲਮਕ ਗਈ। ਗੁਰਦੁਆਰੇ ਨੇੜਲੇ ਕਈ ਕਾਰੋਬਾਰੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਤਫ਼ਤੀਸ਼ਕਾਰਾਂ ਨੇ ਨਾ ਤਾਂ ਉਨ੍ਹਾਂ ਨੂੰ ਕੋਈ ਸਵਾਲ ਪੁੱਛੇ ਤੇ ਨਾ ਹੀ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਦਿਨੀਂ ਕੈਨੇਡਿਆਈ ਸੰਸਦ ਵਿਚ ਦਾਅਵਾ ਕੀਤਾ ਸੀ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਸੀ। ਇਨ੍ਹਾਂ ਦੋਸ਼ਾਂ ਦਾ ਆਧਾਰ ਫਾਈਵ ਆਈਜ਼ ਅਲਾਇੰਸ ਵੱਲੋਂ ਸਾਂਝੀ ਕੀਤੀ ਖ਼ੁਫੀਆ ਜਾਣਕਾਰੀ ਸੀ।

ਨਿੱਝਰ, ਜੋ ਗੁਰਦੁਆਰੇ ਦਾ ਪ੍ਰਧਾਨ ਵੀ ਸੀ, ਦੇ ਪਰਿਵਾਰ ਮੁਤਾਬਕ ਉਸ ਨੂੰ ਪਹਿਲਾਂ ਦੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਨਿੱਝਰ ਦੇ ਕਤਲ ਦੀ ਵਾਰਦਾਤ ਗੁਰਦੁਆਰੇ ਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਸੀ ਤੇ ਰੋਜ਼ਨਾਮਚੇ ਦੀ ਰਿਪੋਰਟ ਮੁਤਾਬਕ ਇਸ ਦੀ ਵੀਡੀਓ ਤਫਤੀਸ਼ਕਾਰਾਂ ਨਾਲ ਸਾਂਝੀ ਕੀਤੀ ਗਈ ਸੀ। ਡੇਢ ਮਿੰਟ ਦੀ ਇਸ ਵੀਡੀਓ ਵਿਚ ਗੁਰਦੁਆਰੇ ਦੇ ਬਾਹਰ ਪਾਰਕਿੰਗ ਸਪੇਸ ਵਿਚ ਸਲੇਟੀ ਰੰਗ ਦਾ ਪਿਕਅੱਪ ਟਰੱਕ ਆ ਕੇ ਰੁਕਦਾ ਹੈ। ਇਸ ਦੌਰਾਨ ਉਥੇ ਸਫ਼ੇਦ ਰੰਗ ਦੀ ਸਿਡਾਨ ਆਉਂਦੀ ਹੈ ਤੇ ਟਰੱਕ ਦੇ ਬਿਲਕੁਲ ਕੋਲ ਆ ਕੇ ਖੜਦੀ ਹੈ। ਇਸ ਦੌਰਾਨ ਟਰੱਕ ਰਫ਼ਤਾਰ ਫੜਦਾ ਹੈ ਤਾਂ ਸਿਡਾਨ ਵੀ ਉਸ ਦੇ ਨਾਲ ਹੋ ਤੁਰਦੀ ਹੈ। ਟਰੱਕ ਜਿਵੇਂ ਹੀ ਪਾਰਕਿੰਗ ਲਾਟ ’ਚੋਂ ਨਿਕਲਣ ਲੱਗਦਾ ਹੈ ਤਾਂ ਸਿਡਾਨ ਅੱਗੇ ਹੋ ਕੇ ਉਸ ਦਾ ਰਾਹ ਰੋਕ ਲੈਂਦੀ ਹੈ। ਇਸ ਦੌਰਾਨ ਦੋ ਵਿਅਕਤੀ, ਜਿਨ੍ਹਾਂ ਹੁੱਡੀਆਂ ਵਾਲੀਆਂ ਸਵੈੱਟਸ਼ਰਟਾਂ ਪਾਈਆਂ ਹੋਈਆਂ ਸਨ ਤੇ ਜੋ ਉਥੇ ਕਵਰਡ ਵੇਟਿੰਗ ਏਰੀਆ ਵਿੱਚ ਖੜ੍ਹੇ ਸਨ, ਟਰੱਕ ਵੱਲ ਵਧਦੇ ਹਨ। ਦੋਵਾਂ ਵੱਲੋਂ ਡਰਾਈਵਰ ਦੀ ਸੀਟ ਵੱਲ ਗੋਲੀਆਂ ਚਲਾਈਆਂ ਜਾਂਦੀਆਂ ਹਨ। ਮਗਰੋਂ ਸਿਡਾਨ ਉਥੋਂ ਰਫੂਚੱਕਰ ਹੋ ਜਾਂਦੀ ਹੈ। ਇਹ ਦੋਵੇਂ ਵਿਅਕਤੀ ਵੀ ਉਸੇ ਦਿਸ਼ਾ ਵਿੱਚ ਭੱਜਦੇ ਹਨ। ਜਾਂਚਕਾਰਾਂ ਨੇ ਅਜੇ ਤੱਕ ਇਹ ਜਨਤਕ ਨਹੀਂ ਕੀਤਾ ਕਿ ਸਫੇਦ ਸਿਡਾਨ ਨੂੰ ਕੌਣ ਚਲਾ ਰਿਹਾ ਸੀ ਤੇ ਇਕ ਹੋਰ ਕਾਰ ਵਿਚ ਸਵਾਰ ਦੋ ਹੋਰ ਵਿਅਕਤੀਆਂ ਦਾ ਵੀ ਜ਼ਿਕਰ ਨਹੀਂ ਕੀਤਾ।