ਨਾਗਰਿਕਤਾ ਸੋਧ ਐਕਟ ਪੂਰੇ ਦੇਸ਼ ’ਚ ਲਾਗੂ

ਨਾਗਰਿਕਤਾ ਸੋਧ ਐਕਟ ਪੂਰੇ ਦੇਸ਼ ’ਚ ਲਾਗੂ

 

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਨਾਗਰਿਕਤਾ ਸੋਧ ਐਕਟ (ਸੀਏਏ) 2019 ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਹੈ। ਵਿਵਾਦਿਤ ਕਾਨੂੰਨ ਹਾਲਾਂਕਿ ਚਾਰ ਸਾਲ ਪਹਿਲਾਂ ਹੀ ਪਾਸ ਹੋ ਗਿਆ ਸੀ ਪਰ ਮੋਦੀ ਸਰਕਾਰ ਨੇ ਐਕਟ ਦੇ ਨੇਮ ਅੱਜ ਨੋਟੀਫਾਈ ਕੀਤੇ ਹਨ। ਇਸ ਕਾਨੂੰਨ ਦੇ ਅਮਲ ਵਿਚ ਆਉਣ ਨਾਲ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਤੋਂ ਆਏ ਗੈਰ-ਮੁਸਲਿਮ ਪਰਵਾਸੀਆਂ- ਹਿੰਦੂਆਂ, ਸਿੱਖਾਂ, ਜੈਨ, ਬੋਧੀ, ਪਾਰਸੀ ਤੇ ਈਸਾਈਆਂ- ਲਈ ਭਾਰਤੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਦੌਰਾਨ ਇਹਤਿਆਤੀ ਪ੍ਰਬੰਧ ਵਜੋਂ ਕੌਮੀ ਰਾਜਧਾਨੀ ਵਿਚ ਸ਼ਾਹੀਨ ਬਾਗ਼, ਜਾਮੀਆ ਤੇ ਹੋਰਨਾਂ ਇਲਾਕਿਆਂ, ਜਿੱਥੇ ਬੀਤੇ ਵਿਚ ਸੀਏਏ-ਵਿਰੋਧੀ ਪ੍ਰਦਰਸ਼ਨ ਹੋਏ ਸਨ, ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ, ‘‘ਨੋਟੀਫਾਈ ਕੀਤੇ ਨੇਮਾਂ, ਜਿਨ੍ਹਾਂ ਨੂੰ ਨਾਗਰਿਕਤਾ ਸੋਧ ਨੇਮ 2024 ਦਾ ਨਾਮ ਦਿੱਤਾ ਗਿਆ ਹੈ, ਤਹਿਤ ਸੀਏਏ 2019 ਅਧੀਨ ਯੋਗ ਵਿਅਕਤੀ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਪਲਾਈ ਕਰ ਸਕਣਗੇ।’’ ਤਰਜਮਾਨ ਨੇ ਕਿਹਾ, ‘‘ਅਰਜ਼ੀਆਂ ਪੂਰੀ ਤਰ੍ਹਾਂ ਆਨਲਾਈਨ ਮੋਡ ਵਿਚ ਹੀ ਦਾਖ਼ਲ ਕੀਤੀਆਂ ਜਾਣਗੀਆਂ, ਜਿਸ ਲਈ ਇਕ ਵੈੱਬ ਪੋਰਟਲ ਮੁਹੱਈਆ ਕੀਤਾ ਗਿਆ ਹੈ।’’ ਚੇਤੇ ਰਹੇ ਕਿ ਦੇਸ਼ ਦੀ ਸੰਸਦ ਵਿਚ ਸੀਏਏ ਦਸੰਬਰ 2019 ਵਿਚ ਪਾਸ ਹੋ ਗਿਆ ਸੀ ਤੇ ਰਾਸ਼ਟਰਪਤੀ ਨੇ ਇਸ ਨੂੰ ਰਸਮੀ ਮਨਜ਼ੂਰੀ ਵੀ ਦੇ ਦਿੱਤੀ, ਪਰ ਦੇਸ਼ ਦੇ ਕਈ ਹਿੱਸਿਆਂ ਵਿਚ ਐਕਟ ਖਿਲਾਫ਼ ਹੋਏ ਰੋਸ ਪ੍ਰਦਰਸ਼ਨਾਂ ਤੇ ਕਈ ਵਿਰੋਧੀ ਪਾਰਟੀਆਂ ਵੱਲੋਂ ਕਾਨੂੰਨ ਨੂੰ ‘ਪੱਖਪਾਤੀ’ ਦੱਸਣ ਮਗਰੋਂ ਸਰਕਾਰ ਨੇ ਨੇਮ ਨੋਟੀਫਾਈ ਕਰਨ ਤੋਂ ਹੱਥ ਪਿਛਾਂਹ ਖਿੱਚ ਲਏ। ਨੇਮਾਂ ਦੀ ਅਣਹੋਂਦ ਵਿਚ ਨਾਗਰਿਕਤਾ ਸੋਧ ਐਕਟ ਹੁਣ ਤੱਕ ਅਮਲ ਵਿਚ ਨਹੀਂ ਆਇਆ।