ਟੀਵੀ ਅਦਾਕਾਰਾ ਡੌਲੀ ਸੋਹੀ ਦੀ ਕੈਂਸਰ ਕਾਰਨ ਮੌਤ, ਕੁੱਝ ਘੰਟੇ ਪਹਿਲਾਂ ਹੋਇਆ ਸੀ ਭੈਣ ਦਾ ਪੀਲੀਏ ਕਾਰਨ ਦੇਹਾਂਤ

ਟੀਵੀ ਅਦਾਕਾਰਾ ਡੌਲੀ ਸੋਹੀ ਦੀ ਕੈਂਸਰ ਕਾਰਨ ਮੌਤ, ਕੁੱਝ ਘੰਟੇ ਪਹਿਲਾਂ ਹੋਇਆ ਸੀ ਭੈਣ ਦਾ ਪੀਲੀਏ ਕਾਰਨ ਦੇਹਾਂਤ

ਮੁੰਬਈ-ਟੈਲੀਵਿਜ਼ਨ ਸ਼ੋਅ ਝਨਕ ਅਤੇ ਭਾਬੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਦਾਕਾਰਾ ਡੌਲੀ ਸੋਹੀ ਦਾ ਅੱਜ ਤੜਕੇ ਸਰਵਾਈਕਲ ਕੈਂਸਰ ਕਾਰਨ ਨਵੀਂ ਮੁੰਬਈ ਦੇ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 47 ਸਾਲ ਦੀ ਸੀ। ਇਹ ਜਾਣਕਾਰੀ ਸੋਹੀ ਦੇ ਭਰਾ ਮਨਪ੍ਰੀਤ ਨੇ ਦਿੱਤੀ। ਅਭਿਨੇਤਰੀ ਨੂੰ ਛੇ ਮਹੀਨੇ ਪਹਿਲਾਂ ਸਰਵਾਈਕਲ ਕੈਂਸਰ ਦਾ ਪਤਾ ਲੱਗਾ ਸੀ ਅਤੇ ਉਦੋਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਸੋਹੀ ਦੇ ਭਰਾ ਮਨਪ੍ਰੀਤ ਨੇ ਦੱਸਿਆ,‘ ਉਹ ਹੁਣ ਨਹੀਂ ਰਹੀ।’ ਤੜਥੇ 4 ਵਜੇ ਦੇ ਕਰੀਬ ਪੋਲੋ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸ ਨੂੰ ਸਰਵਾਈਕਲ ਕੈਂਸਰ ਸੀ ਅਤੇ ਇਹ ਬਿਮਾਰੀ ਉਸ ਦੇ ਫੇਫੜਿਆਂ ਤੱਕ ਫੈਲ ਗਈ ਸੀ। ਉਸ ਦੀ ਸਿਹਤ ਖਰਾਬ ਹੋਣ ਕਾਰਨ ਅਸੀਂ ਉਸ ਨੂੰ ਬੀਤੀ ਰਾਤ ਹਸਪਤਾਲ ਦਾਖਲ ਕਰਵਾਇਆ ਸੀ।’ ਡੌਲੀ ਸੋਹੀ ਦੀ ਭੈਣ ਅਮਨਦੀਪ ਸੋਹੀ ਦੀ ਵੀ ਬੀਤੀ ਰਾਤ ਪੀਲੀਆ ਕਾਰਨ ਮੌਤ ਹੋ ਗਈ ਸੀ। ਉਹ ਅਭਿਨੇਤਰੀ ਵੀ ਸੀ। ਮਨਪ੍ਰੀਤ ਨੇ ਦੱਸਿਆ, ‘ਪੀਲੀਆ ਕਾਰਨ ਅਮਨਦੀਪ ਦੀ ਵੀਰਵਾਰ ਨੂੰ ਡੀਵਾਈ ਪਾਟਿਲ ਹਸਪਤਾਲ ‘ਚ ਮੌਤ ਹੋ ਗਈ।’ ਡੌਲੀ ਸੋਹੀ ਕੁਸੁਮ, ਮੇਰੀ ਆਸ਼ਿਕੀ ਤੁਮ ਸੇ ਹੀ, ਕੁਮਕੁਮ ਭਾਗਿਆ ਅਤੇ ਪਰਿਣੀਤੀ ਵਰਗੇ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ।