ਸ਼ਿੰਦੇ ਧੜਾ ਹੀ ਅਸਲ ਸ਼ਿਵ ਸੈਨਾ: ਸਪੀਕਰ

ਸ਼ਿੰਦੇ ਧੜਾ ਹੀ ਅਸਲ ਸ਼ਿਵ ਸੈਨਾ: ਸਪੀਕਰ

ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੇ ਉਸ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਧੜੇ ਨੂੰ ਅਸਲ ਸਿਆਸੀ ਪਾਰਟੀ ਐਲਾਨ ਦਿੱਤਾ। ਆਪਣੇ ਫ਼ੈਸਲੇ ਦੇ ਅਹਿਮ ਨੁਕਤਿਆਂ ਨੂੰ 105 ਮਿੰਟ ਤੱਕ ਪੜ੍ਹ ਕੇ ਦੱਸਦਿਆਂ ਰਾਹੁਲ ਨਾਰਵੇਕਰ ਨੇ ਊਧਵ ਠਾਕਰੇ ਧੜੇ ਵੱਲੋਂ ਸ਼ਿੰਦੇ ਸਮੇਤ ਸ਼ਿਵ ਸੈਨਾ ਦੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਅਰਜ਼ੀ ਨਕਾਰ ਦਿੱਤੀ। ਜਿਵੇਂ ਹੀ ਨਾਰਵੇਕਰ ਨੇ ਹੁਕਮ ਪੜ੍ਹਨਾ ਬੰਦ ਕੀਤਾ ਤਾਂ ਮੁੱਖ ਮੰਤਰੀ ਸ਼ਿੰਦੇ ਦੇ ਹਮਾਇਤੀਆਂ ਨੇ ਜਸ਼ਨ ਮਨਾਉਂਦਿਆਂ ਆਤਿਸ਼ਬਾਜ਼ੀ ਚਲਾਉਣੀ ਸ਼ੁਰੂ ਕਰ ਦਿੱਤੀ। ਉਧਰ ਸ਼ਿਵ ਸੈਨਾ (ਯੂਬੀਟੀ) ਦੇ ਆਗੂਆਂ ਨੇ ਕਿਹਾ ਕਿ ਉਹ ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ।