ਮਹਿਲਾ ਟੀ-20: ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ

ਮਹਿਲਾ ਟੀ-20: ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ

ਮੁੰਬਈ-ਆਸਟਰੇਲੀਆ ਦੀ ਮਹਿਲਾ ਟੀਮ ਨੇ ਅੱਜ ਇੱਥੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤੀ ਟੀਮ ਨਿਯਮਤ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ ਸਿਰਫ 130 ਦੌੜਾਂ ਹੀ ਬਣਾ ਸਕੀ।ਭਾਰਤ ਵੱਲੋਂ ਸਮ੍ਰਿਤੀ ਮੰਧਾਨਾ ਨੇ 23, ਰਿਚਾ ਘੋਸ਼ ਨੇ 23 ਅਤੇ ਦੀਪਤੀ ਸ਼ਰਮਾ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਲਈ ਕਿਮ ਗਾਰਥ, ਜੌਰਜੀਆ ਵਾਰੇਹਾਮ ਅਤੇ ਐਨਾਬੇਲ ਸਦਰਲੈਂਡ ਨੇ ਦੋ-ਦੋ ਤੇ ਗਾਰਡਨਰ ਨੇ ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ 19 ਓਵਰਾਂ ਵਿੱਚ ਚਾਰ ਵਿਕਟਾਂ ’ਤੇ 133 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਆਸਟਰੇਲੀਆ ਲਈ ਐਲਿਸਾ ਹੀਲੀ ਨੇ 26, ਬੇਥ ਮੂਨੀ ਨੇ 20, ਤਾਹਲੀਆ ਮੈਕਗ੍ਰਾਥ ਨੇ 19, ਐਲਿਸੇ ਪੈਰੀ ਨੇ ਨਾਬਾਦ 34 ਅਤੇ ਲਿਚਫੀਲਡ ਨੇ ਨਾਬਾਦ 18 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਦੋ ਅਤੇ ਸ਼੍ਰੇਅੰਕਾ ਪਾਟਿਲ ਤੇ ਪੂਜਾ ਵਸਤਰਾਕਰ ਨੇ ਇੱਕ-ਇੱਕ ਵਿਕਟ ਲਈ। ਜ਼ਿਕਰਯੋਗ ਹੈ ਕਿ ਪਹਿਲੇ ਟੀ-20 ਮੈਚ ’ਚ ਭਾਰਤ ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਲੜੀ ਦਾ ਤੀਜਾ ਮੈਚ 9 ਜਨਵਰੀ ਨੂੰ ਖੇਡਿਆ ਜਾਵੇਗਾ। -ਪੀਟੀਆਈ