ਵਿਸ਼ਵ ਵਿੱਚ ਅਸ਼ਾਂਤੀ ਦੇ ਬਾਵਜੂਦ ਰੂਸ-ਭਾਰਤ ਸਬੰਧ ਮਜ਼ਬੂਤ ਹੋਏ: ਪੂਤਿਨ

ਵਿਸ਼ਵ ਵਿੱਚ ਅਸ਼ਾਂਤੀ ਦੇ ਬਾਵਜੂਦ ਰੂਸ-ਭਾਰਤ ਸਬੰਧ ਮਜ਼ਬੂਤ ਹੋਏ: ਪੂਤਿਨ

ਮਾਸਕੋ-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੁਨੀਆ ’ਚ ਮੌਜੂਦਾ ਅਸ਼ਾਂਤੀ ਦੇ ਬਾਵਜੂਦ ਰੂਸ ਦੇ ਭਾਰਤ ਅਤੇ ਉਸ ਦੇ ਲੋਕਾਂ ਨਾਲ ਸਬੰਧ ਲਗਾਤਾਰ ਅੱਗੇ ਵਧ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ’ਚ ਅਗਲੀਆਂ ਆਮ ਚੋਣਾਂ ਤੋਂ ਬਾਅਦ ਭਾਵੇਂ ਕੋਈ ਵੀ ਸੱਤਾ ’ਚ ਆਵੇ ਪਰ ਦੋਵੇਂ ਮੁਲਕ ਆਪਣੇ ਰਵਾਇਤੀ ਦੋਸਤਾਨਾ ਸਬੰਧਾਂ ਨੂੰ ਬਣਾਈ ਰੱਖਣਗੇ। ਪੂਤਿਨ ਨੇ ਇਹ ਟਿੱਪਣੀ ਬੁੱਧਵਾਰ ਨੂੰ ਉਦੋਂ ਕੀਤੀ ਜਦੋਂ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕ੍ਰੈਮਲਿਨ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਯੂਕਰੇਨ ਖ਼ਿਲਾਫ਼ ਰੂਸੀ ਹਮਲੇ ਦੇ ਬਾਵਜੂਦ ਭਾਰਤ ਅਤੇ ਰੂਸ ਵਿਚਕਾਰ ਸਬੰਧ ਮਜ਼ਬੂਤ ਬਣੇ ਹੋਏ ਹਨ। ਭਾਰਤ ਨੇ ਅਜੇ ਤੱਕ ਯੂਕਰੇਨ ’ਤੇ ਰੂਸੀ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ ਅਤੇ ਉਹ ਆਖਦਾ ਆ ਰਿਹਾ ਹੈ ਕਿ ਇਸ ਦਾ ਕੂਟਨੀਤੀ ਅਤੇ ਵਾਰਤਾ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਪੂਤਿਨ ਨੇ ਕਿਹਾ,‘‘ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਖ਼ ਨੂੰ ਜਾਣਦੇ ਹਾਂ ਅਤੇ ਯੂਕਰੇਨ ਦੇ ਹਾਲਾਤ, ਉਨ੍ਹਾਂ ਦੀਆਂ ਚਿੰਤਾਵਾਂ ਤੇ ਗੁੰਝਲਦਾਰ ਪ੍ਰਕਿਰਿਆ ਬਾਰੇ ਲਗਾਤਾਰ ਗੱਲਬਾਤ ਕੀਤੀ ਹੈ। ਮੈਂ ਉਨ੍ਹਾਂ ਨੂੰ (ਮੋਦੀ) ਜੰਗ ਦੇ ਹਾਲਾਤ ਬਾਰੇ ਵਾਰ-ਵਾਰ ਜਾਣਕਾਰੀ ਦਿੱਤੀ ਹੈ। ਮੈਂ ਇਸ ਸਮੱਸਿਆ ਨੂੰ ਸ਼ਾਂਤੀਪੂਰਬਕ ਢੰਗ ਨਾਲ ਹੱਲ ਕਰਨ ਲਈ ਸਾਰਾ ਕੁਝ ਕਰਨ ਦੀ ਉਨ੍ਹਾਂ ਦੀ ਇੱਛਾ ਬਾਰੇ ਜਾਣਦਾ ਹਾਂ ਪਰ ਹੁਣ ਅਸੀਂ ਇਸ ਬਾਰੇ ਹੋਰ ਗੱਲਬਾਤ ਕਰਾਂਗੇ।’’ ਪੂਤਿਨ ਨੇ ਕਿਹਾ ਕਿ ‘ਸਾਡੇ ਦੋਸਤ’ ਪ੍ਰਧਾਨ ਮੰਤਰੀ ਮੋਦੀ ਦੇ ਰੂਸ ਆਉਣ ’ਤੇ ਸਾਨੂੰ ਖੁਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਮੌਜੂਦਾ ਮੁੱਦਿਆਂ ’ਤੇ ਚਰਚਾ ਕਰਨ ਅਤੇ ਰੂਸ-ਭਾਰਤ ਸਬੰਧਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਮੰਨਿਆ ਕਿ ਭਾਰਤ ਦਾ ਘਰੇਲੂ ਸਿਆਸੀ ਕੈਲੰਡਰ ਸਰਲ ਨਹੀਂ ਹੈ।ਅਗਲੇ ਸਾਲ ਪੰਜਵੀਂ ਵਾਰ ਰਾਸ਼ਟਰਪਤੀ ਅਹੁਦੇ ਲਈ ਮੈਦਾਨ ’ਚ ਉਤਰਨ ਜਾ ਰਹੇ ਪੂਤਿਨ ਨੇ ਕਿਹਾ,‘‘ਭਾਰਤ ’ਚ ਸੰਸਦੀ ਚੋਣਾਂ ਹੋਣਗੀਆਂ। ਅਸੀਂ ਭਾਰਤ ’ਚ ਆਪਣੇ ਦੋਸਤਾਂ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਭਾਵੇਂ ਉਥੇ ਕੋਈ ਵੀ ਸਿਆਸੀ ਸਫ਼ਬੰਦੀ ਹੋਵੇ, ਅਸੀਂ ਆਪਣੇ ਰਵਾਇਤੀ ਦੋਸਤਾਨਾ ਸਬੰਧ ਬਣਾਈ ਰਖਾਂਗੇ।’’ਕ੍ਰੈਮਲਿਨ ਵੱਲੋਂ ਜਾਰੀ ਬਿਆਨ ਮੁਤਾਬਕ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿੱਜੀ ਤੌਰ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪੂਤਿਨ ਨੂੰ ਇਕ ਪੱਤਰ ਵੀ ਸੌਂਪਿਆ ਜਿਸ ’ਚ ਉਨ੍ਹਾਂ ਨੂੰ ਭਾਰਤ-ਰੂਸ ਸਹਿਯੋਗ ਦੇ ਹਾਲਾਤ ਅਤੇ ਪਿਛਲੇ ਕੁਝ ਦਿਨਾਂ ’ਚ ਦੋਵੇਂ ਧਿਰਾਂ ਵੱਲੋਂ ਕੀਤੀ ਗਈ ਪ੍ਰਗਤੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਜੈਸ਼ੰਕਰ ਨੇ ਪੂਤਿਨ ਨੂੰ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਲੇ ਸਾਲ ਰੂਸ ਦੇ ਦੌਰੇ ਲਈ ਉਤਸਕ ਹਨ ਅਤੇ ਇਥੇ ਆਉਣ ਲਈ ਉਹ ਜ਼ਰੂਰ ਕੋਈ ਨਾ ਕੋਈ ਤਰੀਕ ਲੱਭ ਲੈਣਗੇ।