
ਮੁਹਾਲੀ ਦੇ ਸਾਈਬਰ ਅਪਰਾਧ ਥਾਣੇ ਦੇ ਬਾਹਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਧਰਨਾ
ਮੁਹਾਲੀ,(ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਦੇ ਸਾਈਬਰ ਅਪਰਾਧ ਥਾਣਾ ਫੇਜ-7 ਵਿੱਚ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਏ। ਪੁਲੀਸ ਵੱਲੋਂ ਸੀਨੀਅਰ ਕਾਂਗਰਸੀ ਆਗੂ ਕੋਲੋਂ ‘‘ਬੰਬਾਂ ਬਾਰੇ ਬਿਆਨ’ ਬਾਰੇ ਛੇ ਘੰਟੇ ਪੁੱਛ ਪੜਤਾਲ ਕੀਤੀ ਗਈ।
ਬਾਜਵਾ ਅੱਜ ਬਾਅਦ ਦੁਪਹਿਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵੱਡੀ ਗਿਣਤੀ ਵਰਕਰਾਂ ਨਾਲ ਮੁਹਾਲੀ ਥਾਣੇ ਪਹੁੰਚੇ ਅਤੇ ਜਾਂਚ ਵਿੱਚ ਸ਼ਾਮਲ ਹੋਏ। ਮੁਹਾਲੀ ਦੇ ਐਸਪੀ ਹਰਬੀਰ ਸਿੰਘ ਅਟਵਾਲ ਵੱਲੋਂ ਐਤਵਾਰ ਨੂੰ ਕਾਂਗਰਸ ਆਗੂ ਬਾਜਵਾ ਨੂੰ ਸੰਮਨ ਭੇਜ ਕੇ ਸੋਮਵਾਰ ਨੂੰ ਦੁਪਹਿਰ 12 ਵਜੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਬੀਤੇ ਕੱਲ੍ਹ ਬਾਜਵਾ ਥਾਣੇ ਵਿੱਚ ਨਹੀਂ ਪਹੁੰਚੇ। ਸਗੋਂ ਉਨ੍ਹਾਂ ਨੇ ਆਪਣੇ ਵਕੀਲ ਪਰਦੀਪ ਸਿੰਘ ਵਿਰਕ ਰਾਹੀਂ ਪੁਲੀਸ ਅਧਿਕਾਰੀਆਂ ਨੂੰ ਇੱਕ ਅਰਜ਼ੀ ਸੌਂਪ ਕੇ ਇੱਕ ਦਿਨ (15 ਅਪਰੈਲ) ਤੱਕ ਪੇਸ਼ ਹੋਣ ਦੀ ਮੋਹਲਤ ਮੰਗੀ ਸੀ। ਇਸ ਤਰ੍ਹਾਂ ਬਾਜਵਾ ਅੱਜ ਦੂਜੇ ਦਿਨ ਬਾਅਦ ਦੁਪਹਿਰ 2:26 ਵਜੇ ਮੁਹਾਲੀ ਦੇ ਥਾਣੇ ਵਿੱਚ ਪੇਸ਼ ਹੋਏ। ਜਿਵੇਂ ਹੀ ਬਾਜਵਾ ਦਾ ਕਾਫਲਾ ਪਹੁੰਚਿਆ ਤਾਂ ਵਰਕਰਾਂ ਨੇ ਬਾਜਵਾ ਦੇ ਹੱਕ ਵਿੱਚ ‘ਬਾਜਵਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਲਾਏ’।
ਮੁਹਾਲੀ ਦੇ ਸਾਈਬਰ ਅਪਰਾਧ ਥਾਣੇ ਦੇ ਬਾਹਰ ਧਰਨੇ ‘ਤੇ ਬੈਠੇ ਹੋਏ ਕਾਂਗਰਸੀ ਆਗੂ ਅਤੇ ਵਰਕਰ।
ਮੁਹਾਲੀ ਪੁਲੀਸ ਨੇ ਥਾਣੇ ਦੁਆਲੇ ਜ਼ਬਰਦਸਤ ਬੈਰੀਕੇਡਿੰਗ ਕੀਤੀ ਹੋਈ ਸੀ। ਬਾਜਵਾ ਤੋਂ ਬਿਨਾਂ ਕਿਸੇ ਵੀ ਕਾਂਗਰਸ ਆਗੂ ਨੂੰ ਥਾਣੇ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਰਾਜਾ ਵੜਿੰਗ ਦੀ ਪੁਲੀਸ ਨਾਲ ਬਹਿਸ ਵੀ ਹੋਈ। ਬਾਜਵਾ ਨਾਲ ਸਿਰਫ਼ ਉਨ੍ਹਾਂ ਦੇ ਵਕੀਲਾਂ ਨੂੰ ਨਾਲ ਜਾਣ ਦਿੱਤਾ ਗਿਆ। ਬਾਜਵਾ ਦੇ ਥਾਣੇ ਅੰਦਰ ਜਾਣ ਤੋਂ ਬਾਅਦ ਸਾਰੇ ਆਗੂ ਥਾਣੇ ਦੇ ਬਾਹਰ ਸੜਕ ਕਿਨਾਰੇ ਬੈਠ ਗਏ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹੈਰੀ ਮਾਨ, ਬਾਜਵਾ ਦਾ ਪੁੱਤਰ ਬਿਕਰਮਜੀਤ ਸਿੰਘ ਬਾਜਵਾ, ਰਣਦੀਪ ਸਿੰਘ ਨਾਭਾ, ਆਰੀਅਨ ਬੋਪਾਰਾਏ ਸਮੇਤ ਸੀਨੀਅਰ ਆਗੂ, ਕਾਂਗਰਸ ਦੇ ਸਰਗਰਮ ਵਰਕਰ, ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ ਅਤੇ ਬਾਜਵਾ ਪਰਿਵਾਰ ਦੇ ਸਮਰਥਕ ਮੌਜੂਦ ਸਨ।
ਕਾਬਿਲੇਗੌਰ ਹੈ ਕਿ ਪ੍ਰਤਾਪ ਬਾਜਵਾ ਨੇ ਇੱਕ ਨਿੱਜੀ ਟੀਵੀ ਚੈਨਲ ‘ਤੇ ਇੰਟਰਵਿਊ ਵਿੱਚ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਵਿੱਚ 50 ਬੰਬ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ’ਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਚੱਲਣੇ ਬਾਕੀ ਹਨ। ਇਸ ਸਬੰਧੀ ਬਾਜਵਾ ਖਿਲਾਫ਼ ਇੱਕ ਮਹਿਲਾ ਸਿਪਾਹੀ ਤਰਨਪ੍ਰੀਤ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉਧਰ, ਪ੍ਰਤਾਪ ਬਾਜਵਾ ਨੇ ਹੁਣ ਇਨਸਾਫ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ। ਬਾਜਵਾ ਨੇ ਉਨ੍ਹਾਂ ਦੇ ਖਿਲਾਫ਼ ਦਰਜ ਕੀਤੇ ਪਰਚੇ ਨੂੰ ਝੂਠਾ ਤੇ ਬੇਬੁਨਿਆਦ ਦੱਸਦਿਆਂ ਤਾਜ਼ਾ ਐਫਆਈਆਰ ਨੂੰ ਸਿਰੇ ਤੋਂ ਖਾਰਜ ਕਰਨ ਦੀ ਮੰਗ ਕੀਤੀ ਹੈ।
ਬੀਤੇ ਕੱਲ੍ਹ ਵੀ ਬਾਜਵਾ ਨੂੰ ਐਫਆਈਆਰ ਦੀ ਕਾਪੀ ਲੈਣ ਲਈ ਮੁਹਾਲੀ ਅਦਾਲਤ ਦੀ ਸ਼ਰਨ ਲੈਣੀ ਪਈ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਕਾਂਗਰਸ ਆਗੂ ਦੇ ਵਕੀਲਾਂ ਨੂੰ ਐੱਫਆਈਆਰ ਦੀ ਕਾਪੀ ਮੁਹੱਈਆ ਕੀਤੀ ਗਈ ਸੀ।