ਪੰਜਾਬ ਦੀਆਂ ਔਰਤਾਂ ਨੂੰ ਜਲਦੀ ਮਿਲਣਗੇ 1100 ਰੁਪਏ: ਮਾਨ

ਪੰਜਾਬ ਦੀਆਂ ਔਰਤਾਂ ਨੂੰ ਜਲਦੀ ਮਿਲਣਗੇ 1100 ਰੁਪਏ: ਮਾਨ

ਅਗਾਮੀ ਬਜਟ ਵਿਚ ਲੋੜੀਂਦੇ ਫੰਡ ਰੱਖਣ ਦਾ ਭਰੋਸਾ; ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਗੱਲਬਾਤ ਦੇ ਸੱਦੇ ਦਾ ਕੀਤਾ ਸਵਾਗਤ

ਮੋਗਾ,(ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1100 ਰੁਪਏ ਮਾਸਿਕ ਦੇਣ ਲਈ ਚਾਰਾਜੋਈ ਜਾਰੀ ਹੈ ਤੇ ਅਗਾਮੀ ਬਜਟ ਵਿੱਚ ਇਸ ਸਬੰਧੀ ਲੋੜੀਂਦੇ ਫੰਡ ਰੱਖੇ ਜਾਣਗੇ। ਮੁੱਖ ਮੰਤਰੀ ਨੇ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਵੀ ਦਾਅਵਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦੇ ਵਿਸਤਾਰ ਕਾਰਜ ਦਾ ਨੀਂਹ ਪੱਥਰ ਰੱਖਣ ਮਗਰੋਂ ‘ਵਿਮੈੱਨ ਐਮਪਾਵਰਮੈਂਟ ਸਮਿੱਟ-2025’ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਦਿੱਤੇ ਗੱਲਬਾਤ ਦੇ ਸੱਦੇ ਦਾ ਵੀ ਸਵਾਗਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸਕੱਤਰੇਤ ’ਚ ਚਾਰ ਬਲਾਕ ਹਨ ਜਿਨ੍ਹਾਂ ’ਚੋਂ ਬਲਾਕ ਬੀ ’ਚ ਮੰਜ਼ਿਲਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਇਸ ਸਾਲ ਅਗਸਤ ਤੱਕ ਲਗਪਗ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਇਹ ਅਤਿ-ਆਧੁਨਿਕ ਇਮਾਰਤ ਫਾਇਰ ਡਿਟੈਕਸ਼ਨ/ਐਮਰਜੈਂਸੀ ਨਿਕਾਸੀ ਅਤੇ ਪਬਲਿਕ ਐਡਰੈਸ ਸਿਸਟਮ ਨਾਲ ਵੀ ਲੈਸ ਹੋਵੇਗੀ।

ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਚ 70 ਸੀਟਾਂ ਹਾਸਲ ਕਰਕੇ ਚੌਥੀ ਵਾਰ ‘ਆਪ’ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਔਰਤਾਂ ਦੇ ਖਾਤਿਆਂ ’ਚ ਜਲਦੀ 1100 ਰੁਪਏ ਪਾਉਣ ਦਾ ਐਲਾਨ ਕਰਦਿਆਂ ਕਿ ਇਹ ਰਾਸ਼ੀ ਮਹਿਲਾਵਾਂ ਨੂੰ ਦੇਣ ਲਈ ਬਜਟ ਵਿਚ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਦਿਖਾਵੇ ਦੀ ਰਾਜਨੀਤੀ ਨਹੀਂ ਕਰਦੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ 14 ਫ਼ਰਵਰੀ ਨੂੰ ਚੰਡੀਗੜ੍ਹ ਵਿਚ ਦਿੱਤੇ ਗੱਲਬਾਤ ਦੇ ਸੱਦੇ ਬਾਰੇ ਕਿਹਾ ਕਿ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਨਿਕਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਰੋਡ ਸੇਫਟੀ ਫੋਰਸ (ਐੱਸਐੱਸਐੱਫ) ਦੇ ਗਠਨ ਕਾਰਨ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ ’ਚ 47 ਫੀਸਦੀ ਦੀ ਕਮੀ ਆਈ ਹੈ।

ਇਥੇ ਮਹਿਲਾਵਾਂ ਨੂੰ ਸਮਰੱਥ ਬਣਾਉਣ ਲਈ ਕਰਵਾਏ ‘ਵਿਮੈਨ ਐਮਪਾਵਰਮੈਂਟ ਸਮਿੱਟ-2025’ ਸਮਾਗਮ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ 25 ਪ੍ਰਾਈਵੇਟ ਸਕੂਲਾਂ ਅਤੇ ਪੰਜਾਬ ਪੁਲੀਸ ਦੀਆਂ ਵਰਦੀਆਂ ਇਨ੍ਹਾਂ ਔਰਤਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਦੌਰਾਨ ਲਾਈਆਂ ਸਟਾਲਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਹਾਲ ਵਿਚ ਜੁੜੀਆਂ ਔਰਤਾਂ ਨੂੰ ਬਚਪਨ ਵਿੱਚ ਘਰ ’ਚ ਮਾਂ ਵੱਲੋਂ ਲੁਕਾ ਕੇ ਰੱਖੇ ਬਿਸਕੁਟ ਚੋਰੀ ਕਰਕੇ ਖਾਣ ਤੇ ਹੋਰ ਟੋਟਕਿਆਂ ਨਾਲ ਖੂਬ ਹਸਾਇਆ। ਸਿਆਸੀ ਆਗੂ ਤੇ ਅਫ਼ਸਰ ਵੀ ਹਾਸਾ ਨਹੀਂ ਰੋਕ ਸਕੇ।

ਸਮਾਗਮ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਨਗਰ ਸੁਧਾਰ ਟਰਸਟ ਚੇਅਰਮੈਨ ਦੀਪਕ ਅਰੋੜਾ ਤੇ ਹੋਰ ਸਿਵਲ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਵੀ ਸ਼ਿਰਕਤ ਕੀਤੀ।

ਮੌਸਮ ਖ਼ਰਾਬ ਹੋਣ ਕਾਰਨ ਖ਼ਾਲੀ ਪਰਤਿਆ ਹੈਲੀਕਾਪਟਰ
ਮੌਸਮ ਦੀ ਖ਼ਰਾਬੀ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਣ ਆਇਆ ਹੈਲੀਕਾਪਟਰ ਖ਼ਾਲੀ ਪਰਤ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਚੰਡੀਗੜ੍ਹ ਤੋਂ ਮੋਗਾ ‘ਚੌਪਰ’ ਰਾਹੀਂ ਪਹੁੰਚਣ ਦਾ ਪ੍ਰੋਗਰਾਮ ਸੀ। ਮੌਸਮ ਦੀ ਖ਼ਰਾਬੀ ਤੇ ਸੰਘਣੀ ਧੁੰਦ ਕਾਰਨ ਉਹ ਸੜਕੀ ਰਸਤੇ ਹੀ ਮੋਗਾ ਪੁੱਜੇ ਜਿਸ ਕਾਰਨ ਪ੍ਰੋਗਰਾਮ ਵੀ ਲੇਟ ਹੋ ਗਿਆ। ਇਸ ਦੌਰਾਨ ਮੌਸਮ ਸਾਫ਼ ਹੋਣ ਮਗਰੋਂ ‘ਚੌਪਰ’ ਮੋਗਾ ਵਿਖੇ ਨਿੱਜੀ ਸਕੂਲ ਵਿਚ ਬਣਾਏ ਹੈਲੀਪੈੱਡ ’ਤੇ ਉਤਰਿਆ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੌਸਮ ਖ਼ਰਾਬ ਹੋਣ ਦੀ ਸੂਚਨਾ ਮਿਲਣ ਮਗਰੋਂ ਚੌਪਰ ਖਾਲੀ ਪਰਤ ਗਿਆ ਅਤੇ ਮੁੱਖ ਮੰਤਰੀ ਸੜਕੀ ਮਾਰਗ ਰਾਹੀਂ ਅਗਲੀ ਮੰਜ਼ਿਲ ਵੱਲ ਰਵਾਨਾ ਹੋਏ।