
ਭਾਰਤ ਵਿਚ ਲੋਕ ਸਭਾ ਚੋਣਾਂ 2024 ਵਿਚ ਆ ਰਹੀਆਂ ਹਨ ਜਿਸ ਦਾ ਭਾਵ ਹੈ ਕਿ ਲਗਭਗ ਇਕ ਸਾਲ ਜਾਂ ਇਸ ਤੋਂ ਘੱਟ ਦਾ ਸਮਾ ਰਹਿ ਗਿਆ ਹੈ ਤੇ ਇਸ ਸਮੇਂ ਨੂੰ ਕਿਸੇ ਵੀ ਸਰਕਾਰ ਦਾ ਆਖਰੀ ਪੜਾਅ ਆਖਿਆ ਜਾਂਦਾ ਹੈ। ਇਸੇ ਪੜਾਅ ਵਿਚੋਂ ਮੋਦੀ ਸਰਕਾਰ ਗੁਜ਼ਰ ਰਹੀ ਹੈ ਅਤੇ ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਬਹੁਤ ਹੀ ਅਹਿਮ ਮੰਨੀ ਜਾ ਰਹੀ ਸੀ। ਜਿਸ ਪੱਧਰ ’ਤੇ ਅਮਰੀਕਾ ਨੇ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਹੈ ਉਸ ਨਾਲ ਪੂਰੀ ਦੁਨੀਆਂ ’ਚ ਇਹ ਚਰਚਾ ਗਈ ਹੈ ਕਿ ਅਮਰੀਕਾ ਹੁਣ ਭਾਰਤ ਨਾਲ ਨੇੜਤਾ ਕਰਨਾ ਚਾਹੁੰਦਾ ਹੈ, ਪਰ ਕਿਉਂ? ਇਹ ਇਕ ਸਵਾਲ ਸਭ ਦੇ ਮਨਾਂ ਵਿਚ ਹੈ। ਇਸ ਵਕਤ ਅਮਰੀਕਾ ਭਾਵੇਂ ਦੁਨੀਆਂ ਦਾ ਸਰਪੰਚ ਮੁਲਕ ਹੈ ਪਰ ਉਸ ਨੂੰ ਕਈ ਦੇਸ਼ਾਂ ਤੋਂ ਖਤਰਾ ਜ਼ਰੂਰ ਹੈ ਜੋ ਉਸਦੀ ਵਿਸ਼ਵੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਰਹੇ ਹਨ, ਉਨਾਂ ਵਿਚ ਚੀਨ ਅਤੇ ਰਸ਼ੀਆ ਵਰਗੇ ਮੁਲਕ ਸ਼ਾਮਿਲ ਹਨ। ਰਸ਼ੀਆ ਦਾ ਯੂਕਰੇਨ ਨਾਲ ਪੇਚਾ ਪੁਆ ਕੇ ਅਮਰੀਕਾ ਨੇ ਉਸ ਨੂੰ ਕਈ ਦਹਾਕੇ ਪਿੱਛੇ ਧੱਕ ਦੇਣ ਦੀ ਯੋਜਨਾ ਲਗਭਗ ਸਿਰੇ ਚਾੜ ਲਈ ਹੈ। ਯੂਕਰੇਨ ਦੀ ਪੁੱਠ ਚੁੱਕ ਕੇ ਉਸ ਨੂੰ ਰਸ਼ੀਆ ਮੁਕਾਬਲੇ ਖੜਾ ਕਰਨ ਦੀ ਰਣਨੀਤੀ ਦਾ ਹੀ ਅਜੋਕੀ ਰਸ਼ੀਆ-ਯੂਕਰੇਨ ਜੰਗ ਦਾ ਆਧਾਰ ਹੈ। ਖੈਰ! ਅਸੀਂ ਇੱਥੇ ਗੱਲ ਕਰ ਰਹੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੀ। ਸਾਰੀ ਦੁਨੀਆਂ ਜਾਣਦੀ ਹੈ ਕਿ ਇਸ ਵਕਤ ਚੀਨ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਨੂੰ ਹਰ ਖੇਤਰ ਵਿਚ ਅੱਖਾਂ ਦਿਖਾ ਰਿਹਾ ਹੈ ਅਤੇ ਅਮਰੀਕਾ ਕਦੇ ਵੀ ਇਹ ਜਰ ਨਹੀਂ ਸਕਦਾ। ਭਾਵੇਂ ਕਿ ਇਤਿਹਾਸ ਵਿਚ ਅਮਰੀਕਾ ਭਾਰਤ ਦੇ ਖਿਲਾਫ਼ ਹਮੇਸ਼ਾ ਹੀ ਪਾਕਿਸਤਾਨ ਨੂੰ ਪੁੱਠ ਦਿੰਦਾ ਰਿਹਾ ਹੈ ਪਰ ਅੱਜ ਦੇ ਸਮੇਂ ’ਚ ਅਮਰੀਕਾ ਨੂੰ ਇਹ ਲੱਗ ਰਿਹਾ ਹੈ ਕਿ ਜੇਕਰ ਭਾਰਤ ਨੂੰ ਚੀਨ ਦੇ ਮੁਕਾਬਲੇ ’ਚ ਖੜਾ ਕੀਤਾ ਜਾਂਦਾ ਹੈ ਤਾਂ ਚੀਨ ਦਾ ਅਮਰੀਕਾ ਪ੍ਰਤੀ ਹਮਲਾ ਖੁੰਢਾ ਹੋ ਸਕਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦਾ ਇਹੋ ਤੱਤ ਕੱਢਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਚੀਨ ਨੂੰ ਇਸ਼ਾਰਾ ਦੇਣ ਲਈ ਹੀ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਏਡਾ ਵੱਡਾ ਸਨਮਾਨ ਦਿੱਤਾ ਅਤੇ ਉਸ ਨਾਲ ਆਰਥਿਕ ਸਹਿਯੋਗ ਵਧਾਉਣ ਦੀ ਗੱਲ ਕੀਤੀ ਹੈ।
ਹੁਣ ਸ਼੍ਰੀ ਨਰਿੰਦਰ ਮੋਦੀ ਦਾ ਦੋ ਦਿਨਾਂ ਦੌਰਾ ਖਤਮ ਹੋ ਚੱੁਕਾ ਹੈ ਅਤੇ ਹੁਣ ਇਹ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ’ਚ ਇਸ ਅਮਰੀਕਾ ਫੇਰੀ ਦੇ ਕੀ ਨਤੀਜੇ ਨਿਕਲਦੇ ਹਨ। ਇਹ ਸਭ ਜਾਣਦੇ ਹਨ ਕਿ ਸ੍ਰੀ ਨਰਿੰਦਰ ਮੋਦੀ ਦੇ ਸਬੰਧ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਬਹੁਤ ਨੇੜਤਾ ਵਾਲੇ ਰਹੇ ਹਨ ਅਤੇ ਉਨਾਂ ਦੀ ਚੋਣ ਮੁਹਿੰਮ ’ਚ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਪ੍ਰੋਟੋਕੋਲ ਦੇ ਉਲਟ ਜਾ ਕੇ ਟਰੰਪ ਦੇ ਹੱਕ ’ਚ ਨਾਅਰਾ ਮਾਰਿਆ ਸੀ। ਭਾਵੇਂ ਕਿ ਜੋਅ ਬਾਈਡਨ ਨੂੰ ਇਹ ਸਭ ਚੰਗਾ ਨਹੀਂ ਸੀ ਲੱਗਾ ਪਰ ਅੱਜ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਉਨਾਂ ਭਾਰਤ ਨਾਲ ਨੇੜਤਾ ਬਣਾਉਣੀ ਹੀ ਬਿਹਤਰ ਸਮਝੀ। ਜੇਕਰ ਸਾਰਥਕ ਤੌਰ ’ਤੇ ਸੋਚਿਆ ਜਾਵੇ ਤਾਂ ਇਸ ਫੇਰੀ ਨਾਲ ਚੀਨ ਦੀ ਨੀਤੀ ਭਾਰਤ ਪ੍ਰਤੀ ਵੀ ਬਦਲ ਸਕਦੀ ਹੈ ਕਿਉਂਕਿ ਚੀਨ ਵੀ ਕਦੇ ਨਹੀਂ ਚਾਹੇਗਾ ਕਿ ਜੇਕਰ ਉਹ ਭਾਰਤ ਨਾਲ ਕੋਈ ਵਿਵਾਦ ਖੜਾ ਕਰਦਾ ਤਾਂ ਉਸ ਦੇ ਪਿੱਛੇ ਆ ਕੇ ਅਮਰੀਕਾ ਖੜ ਜਾਵੇ ਅਤੇ ਮਸਲਾ ਰਸ਼ੀਆ-ਯੂਕਰੇਨ ਵਰਗਾ ਬਣ ਜਾਵੇ। ਇਸ ਲਈ ਆਸ ਇਹ ਬੱਝਦੀ ਹੈ ਕਿ ਚੀਨ ਦਾ ਹਮਲਾਵਰ ਰੁਖ ਭਾਰਤ ਅਤੇ ਅਮਰੀਕਾ, ਦੋਵਾਂ ਮੁਲਕਾਂ ਪ੍ਰਤੀ ਥੋੜਾ ਖੁੰਢਾ ਜ਼ਰੂਰ ਹੋਵੇਗਾ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਨੂੰ ਸਫਲ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਦੋਵੇਂ ਮੁਲਕ ਦੁਨੀਆਂ ਨੂੰ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਸਨ ਉਹ ਲਗਭਗ ਉਨਾਂ ਦੇ ਹੀ ਦਿੱਤਾ ਹੈ ਅਤੇ ਇਸਦੇ ਨਾਲ ਜੋ ਪਾਕਿਸਤਾਨ ਨੂੰ ਸੰਦੇਸ਼ ਗਿਆ ਹੈ ਉਹ ਵੀ ਭਾਰਤ ਦੇ ਪੱਖ ਵਿਚ ਹੀ ਜਾਵੇਗਾ। ਅਸੀਂ ਆਸ ਕਰਦੇ ਹਾਂ ਕਿ ਦੋਵਾਂ ਮੁਲਕਾਂ ’ਚ ਦੋਸਤੀ ਦੇ ਸਬੰਧ ਬਣੇ ਰਹਿਣ ਅਤੇ ਅਮਰੀਕਾ ਵਸਦਾ ਭਾਰਤੀ ਭਾਈਚਾਰੇ ਨੂੰ ਦੋਵਾਂ ਮੁਲਕਾਂ ’ਚ ਠੰਡੀਆਂ ਹਵਾਵਾਂ ਮਾਨਣ ਦਾ ਮੌਕਾ ਮਿਲਦਾ ਰਹੇ। ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਮ, ਖਾਲਿਸਤਾਨੀਆਂ ਅਤੇ ਹੋਰ ਮੁੱਦਿਆਂ ਉੱਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ, ਉਨਾਂ ਦੀਆਂ ਜਾਇਜ਼ ਮੰਗਾਂ ਉੱਤੇ ਵੀ ਵਿਚਾਰ ਕਰਨਾ ਬਣਦਾ ਹੈ ਤੇ ਆਸ ਹੈ ਕਿ ਦੋਵੇਂ ਮੁਲਕ ਇਨਸਾਨੀਅਤ ਦੇ ਹੱਕ ’ਚ ਝੰਡਾ ਬੁਲੰਦ ਕਰਦੇ ਰਹਿਣਗੇ। ਆਮੀਨ!
- ਅਰਜਨ ਰਿਆੜ