ਸੱਤਾ ਲਈ ਕੁਝ ਵੀ ਕਰ ਸਕਦੇ ਨੇ ਮੋਦੀ: ਪ੍ਰਿਯੰਕਾ

ਸੱਤਾ ਲਈ ਕੁਝ ਵੀ ਕਰ ਸਕਦੇ ਨੇ ਮੋਦੀ: ਪ੍ਰਿਯੰਕਾ

ਸੱਤਾ ਲਈ ਕੁਝ ਵੀ ਕਰ ਸਕਦੇ ਨੇ ਮੋਦੀ: ਪ੍ਰਿਯੰਕਾ
 ਫਤਹਿਗੜ੍ਹ ਸਾਹਿਬ/ਖੰਨਾ/ਪਟਿਆਲਾ-ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਵਾਲ ਕੀਤਾ ਕਿ ਜੇਕਰ ਦੇਸ਼ ਦਾ ਅਰਥਚਾਰਾ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਲੋਕਾਂ ਦੀ ਜ਼ਿੰਦਗੀ ’ਚ ਪ੍ਰਗਤੀ ਕਿਉਂ ਨਹੀਂ ਹੋ ਰਹੀ। ਫਤਹਿਗੜ੍ਹ ਸਾਹਿਬ ਸੀਟ ਤੋਂ ਕਾਂਗਰਸ ਉਮੀਦਵਾਰ ਅਮਰ ਸਿੰਘ ਦੀ ਹਮਾਇਤ ਵਿੱਚ ਪੰਜਾਬ ’ਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਸਿਰਫ਼ ਸੱਤਾ ਹਾਸਲ ਕਰਨ ਲਈ ਝੂਠ ਬੋਲਣ ਤੇ ਜਨਤਾ ਨਾਲ ਝੂਠੇ ਵਾਅਦੇ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਸੱਤਾ ਲਈ ਕੁਝ ਵੀ ਕਰ ਸਕਦੇ ਹਨ। ਇਸ ਮਗਰੋਂ ਉਨ੍ਹਾਂ ਪਟਿਆਲਾ ਵਿੱਚ ਡਾ. ਧਰਮਵੀਰ ਗਾਂਧੀ ਦੇ ਹੱਕ ’ਚ ਮਹਿਲਾਵਾਂ ਦੀ ਰੈਲੀ ਨੂੰ ਵੀ ਸੰਬੋਧਨ ਕੀਤਾ।
                                        ਪ੍ਰਿਯੰਕਾ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਦੇਸ਼ ’ਚ 70 ਕਰੋੜ ਨੌਜਵਾਨ ਬੇਰੁਜ਼ਗਾਰ ਹਨ ਤੇ ਬੇਰੁਜ਼ਗਾਰੀ ਦਰ 45 ਸਾਲ ’ਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਹਿਤ ਸਰਕਾਰੀ ਅਦਾਰਿਆਂ ’ਚ 30 ਲੱਖ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ, ‘ਉਹ (ਮੋਦੀ) ਮੰਚਾਂ ਤੋਂ ਵੱਡੇ ਵੱਡੇ ਦਾਅਵੇ ਕਰਦੇ ਹਨ ਕਿ ਅਰਥਚਾਰਾ ਤੇਜ਼ੀ ਨਾਲ ਵਧ ਰਿਹਾ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੇਕਰ ਇਸ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤਾਂ ਤੁਹਾਡੀ (ਲੋਕਾਂ ਦੇ) ਜ਼ਿੰਦਗੀ ’ਚ ਪ੍ਰਗਤੀ ਕਿਉਂ ਨਹੀਂ ਹੋ ਰਹੀ। ਤੁਹਾਡੇ ਬੱਚਿਆਂ ਨੂੰ ਨੌਕਰੀ ਕਿਉਂ ਨਹੀਂ ਮਿਲੀ?’ ਉਨ੍ਹਾਂ ਭਾਜਪਾ ’ਤੇ ਜਨਤਾ ਦਾ ਬਿਲਕੁਲ ਵੀ ਸਨਮਾਨ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੋਦੀ ਜੀ ਸੱਤਾ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਰੱਦ ਕੀਤੇ ਜਾ ਚੁੱਕੇ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਤੇ ਵੋਟਾਂ ਕਾਰਨ ‘ਕਾਲੇ’ ਖੇਤੀ ਕਾਨੂੰਨ ਖਤਮ ਕੀਤੇ। ਉਨ੍ਹਾਂ ਕਿਹਾ, ‘ਉਹ ਜੋ ਵੀ ਝੂਠ ਬੋਲਦੇ ਹਨ ਤੇ ਫੋਕੇ ਵਾਅਦੇ ਕਰਦੇ ਹਨ, ਉਹ ਸਿਰਫ਼ ਸੱਤਾ ਹਾਸਲ ਕਰਨ ਲਈ ਕਰਦੇ ਹਨ।’