ਕਸ਼ਮੀਰ ਦਾ ਵਿਕਾਸ ਦੇਖ ਕੇ ਲੋਕ ਸਵਿਟਜ਼ਰਲੈਂਡ ਭੁੱਲ ਜਾਣਗੇ: ਮੋਦੀ

ਕਸ਼ਮੀਰ ਦਾ ਵਿਕਾਸ ਦੇਖ ਕੇ ਲੋਕ ਸਵਿਟਜ਼ਰਲੈਂਡ ਭੁੱਲ ਜਾਣਗੇ: ਮੋਦੀ

ਜੰਮੂ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਧਾਰਾ 370 ਰੱਦ ਕਰਨ ਦਾ ਜੰਮੂ-ਕਸ਼ਮੀਰ ਦੇ ਸਮੁੱਚੇ ਵਿਕਾਸ ਦੀ ਰਫ਼ਤਾਰ ਵਧਾਉਣ ’ਚ ਅਹਿਮ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਵਾਦੀ ਨੂੰ ਅਜਿਹਾ ਸੈਲਾਨੀ ਸਥਾਨ ਬਣਾਉਣ ਲਈ ਵਚਨਬੱਧ ਹੈ ਜੋ ਸਵਿਟਜ਼ਰਲੈਂਡ ਦਾ ਮੁਕਾਬਲਾ ਕਰ ਸਕੇ। ਇੱਥੇ ਮੌਲਾਨਾ ਆਜ਼ਾਦ ਸਟੇਡੀਅਮ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਬਾ ਦੇ ਵਿਜੈਪੁਰ ਵਿੱਚ ਏਮਸ ਅਤੇ ਦੇਸ਼ ਦੀ ਸਭ ਤੋਂ ਲੰਬੀ ਟਰਾਂਸਪੋਰਟਸ਼ਨ ਸੁਰੰਗ ਸਣੇ ਜੰਮੂ-ਕਸ਼ਮੀਰ ’ਚ 32000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ ਅਤੇ ਕਈਆਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਦੇਸ਼ ਦੇ ਹੋਰ ਹਿੱਸਿਆਂ ’ਚ 13500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਵਰਚੁਅਲੀ ਸ਼ੁਰੂਆਤ ਕੀਤੀ। ਇਹ ਪ੍ਰਾਜੈਕਟ ਸਿਹਤ, ਸਿੱਖਿਆ, ਰੇਲਵੇ, ਸੜਕਾਂ, ਹਵਾਬਾਜ਼ੀ, ਪੈਟਰੋਲੀਅਮ, ਬੁਨਿਆਦੀ ਢਾਂਚੇ ਸਣੇ ਕਈ ਹੋਰ ਸੈਕਟਰਾਂ ਨਾਲ ਸਬੰਧਤ ਹਨ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਤੋਂ ਨਵੇਂ ਭਰਤੀ ਲਗਪਗ 1500 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ‘ਵਿਕਸਿਤ ਭਾਰਤ ਵਿਕਸਿਤ ਜੰਮੂ’ ਪ੍ਰੋਗਰਾਮ ਤਹਿਤ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਇਲਾਕੇ ਵਿੱਚ ਜੀ-20 ਸੰਮੇਲਨ ਮਗਰੋਂ ਖਾੜੀ ਦੇਸ਼ਾਂ ਅੰਦਰ ਜੰਮੂ ਕਸ਼ਮੀਰ ਵਿੱਚ ਨਿਵੇਸ਼ ਲਈ ਆਈ ਸਕਾਰਾਤਮਕਤਾ ਉਭਾਰਦਿਆਂ ਆਖਿਆ ਕਿ ਪੂਰੀ ਦੁਨੀਆ ਇੱਥੋਂ ਦੀ ਸੁੰਦਰਤਾ, ਪਰੰਪਰਾ ਅਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਈ ਹੈ।