ਮੇਰੇ ਖ਼ਿਲਾਫ਼ ਕਾਂਗਰਸ ਦਾ ਹਰ ਮੋਰਚਾ ਨਾਕਾਮ ਹੋਇਆ: ਮੋਦੀ

ਮੇਰੇ ਖ਼ਿਲਾਫ਼ ਕਾਂਗਰਸ ਦਾ ਹਰ ਮੋਰਚਾ ਨਾਕਾਮ ਹੋਇਆ: ਮੋਦੀ

ਰਿਵਾੜੀ-ਅਯੁੱਧਿਆ ’ਚ ਰਾਮ ਮੰਦਰ ਅਤੇ ਧਾਰਾ 370 ਬਾਰੇ ਕਾਂਗਰਸ ਵੱਲੋਂ ਲਏ ਗਏ ਸਟੈਂਡ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਖ਼ਿਲਾਫ਼ ਆਪਣੇ ਸਾਰੇ ਮੋਰਚੇ ਖੋਲ੍ਹ ਲਏ ਹਨ ਪਰ ਲੋਕ ਉਨ੍ਹਾਂ ਦੀ ਸੁਰੱਖਿਆ ਢਾਲ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਤਿਵਾਦ ਅਤੇ ਵੱਖਵਾਦ ਫੈਲਾਉਣ ਤੇ ਫ਼ੌਜ ਨੂੰ ਕਮਜ਼ੋਰ ਕਰਨ ਦਾ ਟਰੈਕ ਰਿਕਾਰਡ ਰਿਹਾ ਹੈ। ਹਰਿਆਣਾ ਦੇ ਰਿਵਾੜੀ ’ਚ ਏਮਸ ਦਾ ਨੀਂਹ ਪੱਥਰ ਰੱਖਣ ਅਤੇ 9970 ਕਰੋੜ ਰੁਪਏ ਦੀ ਲਾਗਤ ਦੇ ਕਈ ਪ੍ਰਾਜਕੈਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਮਗਰੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਦੁਨੀਆ ’ਚ ਨਵੀਆਂ ਉਚਾਈਆਂ ਛੂਹ ਰਿਹਾ ਹੈ ਅਤੇ ਇਹ ਸਭ ਕੁਝ ਲੋਕਾਂ ਦੇ ਆਸ਼ੀਰਵਾਦ ਨਾਲ ਸੰਭਵ ਹੋ ਸਕਿਆ ਹੈ। ਯੂਏਈ ਅਤੇ ਕਤਰ ਦੇ ਦੌਰੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ਹਰੇਕ ਥਾਂ ਤੋਂ ਮਿਲ ਰਿਹਾ ਸਤਿਕਾਰ ਸਿਰਫ਼ ਮੋਦੀ ਦਾ ਨਹੀਂ ਸਗੋਂ ਹਰੇਕ ਭਾਰਤੀ ਦਾ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਆਉਂਦੀਆਂ ਲੋਕ ਸਭਾ ਚੋਣਾਂ ’ਚ 400 ਤੋਂ ਵੱਧ ਸੀਟਾਂ ਜਿੱਤੇਗਾ। ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਇਕ ਪਰਿਵਾਰ ਦੇ ਮੋਹ ਜਾਲ ’ਚ ਫਸੀ ਹੋਈ ਹੈ ਅਤੇ ਹਰਿਆਣਾ’ਚ ਵੀ ਅਜਿਹੇ ਹਾਲਾਤ ਹਨ। ‘ਕਾਂਗਰਸ ਦਾ ਆਗੂ ਸਟਾਰਟ-ਅੱਪ ਦੇ ਯੋਗ ਵੀ ਨਹੀਂ ਹੈ ਤਾਂ ਉਹ ਦੇਸ਼ ਚਲਾਉਣ ਦਾ ਸੁਫ਼ਨਾ ਕਿਵੇਂ ਲੈ ਸਕਦਾ ਹੈ। ਕਾਂਗਰਸ ਦੀ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਦਾ ਇਕ ਤੋਂ ਬਾਅਦ ਦੂਜਾ ਸੀਨੀਅਰ ਆਗੂ ਪਾਰਟੀ ਛੱਡ ਰਿਹਾ ਹੈ। ਜਿਹੜੇ ਉਨ੍ਹਾਂ ਨਾਲ ਹੱਥ ਮਿਲਾਉਣ ਦੀ ਗੱਲ ਕਰਦੇ ਸਨ, ਉਹ ਵੀ ਹੁਣ ਭੱਜ ਰਹੇ ਹਨ।’ ਉਨ੍ਹਾਂ ਕਿਹਾ ਕਿ ਜਿਥੇ ਵੀ ਕਾਂਗਰਸ ਦੀਆਂ ਸਰਕਾਰਾਂ ਹਨ, ਉਹ ਮੁਸ਼ਕਲ ’ਚ ਹਨ। ਹਿਮਾਚਲ ਪ੍ਰਦੇਸ਼ ’ਚ ਲੋਕਾਂ ਨੂੰ ਤਨਖ਼ਾਹਾਂ ਅਤੇ ਪੈਨਸ਼ਨਾਂ ਦੇਣ ਲਈ ਕਾਂਗਰਸ ਸਰਕਾਰ ਕੋਲ ਪੈਸੇ ਨਹੀਂ ਹਨ। ਕਰਨਾਟਕ ’ਚ ਸਰਕਾਰ ਵਿਕਾਸ ਯੋਜਨਾਵਾਂ ਲਾਗੂ ਕਰਨ ਦੇ ਅਸਮਰੱਥ ਹੈ। ਉਨ੍ਹਾਂ ਕਿਹਾ ਕਿ 2014 ’ਚ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੌਰਾਨ ਉਨ੍ਹਾਂ ਸਭ ਤੋਂ ਪਹਿਲੀ ਰੈਲੀ ਸਤੰਬਰ 2013 ’ਚ ਰਿਵਾੜੀ ’ਚ ਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਰਿਵਾੜੀ ’ਚ ਇਕ ਰੈਂਕ-ਇਕ ਪੈਨਸ਼ਨ ਦੀ ਗਾਰੰਟੀ ਦਿੱਤੀ ਸੀ ਅਤੇ ਉਸ ਨੂੰ ਲਾਗੂ ਕੀਤਾ ਹੈ। ਉਨ੍ਹਾਂ ਆਪਣੀ ਸਰਕਾਰ ਦੀਆਂ ਪਿਛਲੇ 10 ਸਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਲੋਕਾਂ ਦੇ ਆਸ਼ੀਰਵਾਦ ਸਦਕਾ ਦੇਸ਼ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਮੋਦੀ ਨੇ ਕਿਹਾ ਕਿ ਆਉਂਦੇ ਸਾਲਾਂ ’ਚ ਭਾਰਤ ਨੂੰ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ਲਈ ਉਨ੍ਹਾਂ ਨੂੰ ਲੋਕਾਂ ਦੇ ਆਸ਼ੀਰਵਾਦ ਦੀ ਲੋੜ ਹੈ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।