ਭਾਰਤ ਨੂੰ ਵਿਕਾਸ ਦੇ ਇੰਜਣ ਤੇ ਭਰੋਸੇਮੰਦ ਮਿੱਤਰ ਵਜੋਂ ਦੇਖ ਰਹੀ ਹੈ ਦੁਨੀਆ: ਮੋਦੀ

ਭਾਰਤ ਨੂੰ ਵਿਕਾਸ ਦੇ ਇੰਜਣ ਤੇ ਭਰੋਸੇਮੰਦ ਮਿੱਤਰ ਵਜੋਂ ਦੇਖ ਰਹੀ ਹੈ ਦੁਨੀਆ: ਮੋਦੀ

ਗਾਂਧੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਲਮੀ ਪੱਧਰ ’ਤੇ ਉਥਲ-ਪੁਥਲ ਵਿਚਾਲੇ ਭਾਰਤ ਉਮੀਦ ਦੀ ਇਕ ‘ਨਵੀਂ ਕਿਰਨ’ ਦੇ ਰੂਪ ਵਿਚ ਉੱਭਰਿਆ ਹੈ ਤੇ ਦੁਨੀਆ ਇਸ ਨੂੰ ਸਥਿਰਤਾ ਦੇ ਇਕ ਮਹੱਤਵਪੂਰਨ ਮੀਲ ਪੱਥਰ, ਇਕ ਭਰੋਸੇਮੰਦ ਮਿੱਤਰ ਤੇ ਆਲਮੀ ਅਰਥਚਾਰੇ ਵਿਚ ਵਿਕਾਸ ਦੇ ਇੰਜਣ ਦੇ ਰੂਪ ਵਿਚ ਦੇਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤੇਜ਼ੀ ਨਾਲ ਬਦਲਦੀ ਆਲਮੀ ਵਿਵਸਥਾ ਵਿਚ ਭਾਰਤ ‘ਵਿਸ਼ਵ ਮਿੱਤਰ’ ਦੇ ਰੂਪ ਵਿਚ ਅੱਗੇ ਵਧ ਰਿਹਾ ਹੈ। ‘ਵਾਈਬ੍ਰੈਂਟ ਗੁਜਰਾਤ ਆਲਮੀ ਸੰਮੇਲਨ’ ਦੇ 10ਵੇਂ ਐਡੀਸ਼ਨ ਦੇ ਉਦਘਾਟਨ ਮੌਕੇ ਮੋਦੀ ਨੇ ਕਿਹਾ ਕਿ ਸਾਰੀਆਂ ਪ੍ਰਮੁੱਖ ਰੇਟਿੰਗ ਏਜੰਸੀਆਂ ਦੀ ਰਾਏ ਹੈ ਕਿ ਭਾਰਤ ਅਗਲੇ ਕੁਝ ਸਾਲਾਂ ਵਿਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਇਸ ਸੰਮੇਲਨ ਵਿਚ ਦੁਨੀਆ ਦੀਆਂ ਸਿਖਰਲੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਕਈ ਦੇਸ਼ਾਂ ਦੇ ਮੁਖੀ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੋਸਤ ਹੈ ਜਿਸ ਉਤੇ ਭਰੋਸਾ ਕੀਤਾ ਜਾ ਸਕਦਾ ਹੈ, ਇਕ ਅਜਿਹਾ ਭਾਈਵਾਲ ਹੈ, ਜੋ ਲੋਕਾਂ ’ਤੇ ਕੇਂਦਰਤ ਵਿਕਾਸ ਵਿਚ ਵਿਸ਼ਵਾਸ ਕਰਦਾ ਹੈ ਤੇ ਇਕ ਅਜਿਹੀ ਆਵਾਜ਼ ਹੈ ਜੋ ਆਲਮੀ ਭਲਾਈ ਵਿਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਗਲੋਬਲ ਸਾਊਥ’ ਦੀ ਵੀ ਆਵਾਜ਼ ਹੈ। ਮੋਦੀ ਨੇ ਕਿਹਾ ਕਿ ਦੁਨੀਆ ਅੱਜ ਭਾਰਤ ਨੂੰ ਆਲਮੀ ਅਰਥਚਾਰੇ ਵਿਚ ਵਿਕਾਸ ਦੇ ਇੰਜਣ, ਹੱਲ ਖੋਜਣ ਲਈ ਇਕ ਤਕਨੀਕੀ ਕੇਂਦਰ ਤੇ ਪ੍ਰਤਿਭਾਵਾਨ ਨੌਜਵਾਨਾਂ ਦੇ ‘ਪਾਵਰਹਾਊਸ’ ਦੇ ਰੂਪ ਵਿਚ ਦੇਖਦੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਦੀਆਂ ਤਰਜੀਹਾਂ ਟਿਕਾਊ ਉਦਯੋਗ, ਬੁਨਿਆਦੀ ਢਾਂਚਾ ਤੇ ਨਿਰਮਾਣ, ਨਵੇਂ ਯੁੱਗ ਦੇ ਕੌਸ਼ਲ, ਭਵਿੱਖ ਦੀ ਤਕਨੀਕ, ਏਆਈ ਤੇ ਕਾਢਾਂ, ਗਰੀਨ ਹਾਈਡ੍ਰੋਜਨ, ਨਵਿਆਉਣਯੋਗ ਊਰਜਾ, ਸੈਮੀਕੰਡਕਟਰ ਤੇ ਉਸ ਦਾ ਪੂਰਾ ਤੰਤਰ ਹੈ। ਮੋਦੀ ਨੇ ਭਾਰਤ-ਯੂਏਈ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ ਉਤੇ ਲਿਜਾਣ ਦਾ ਸਿਹਰਾ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਿਆਨ ਨੂੰ ਦਿੱਤਾ। ਉਨ੍ਹਾਂ ਮੁੱਖ ਮਹਿਮਾਨ ਦੇ ਰੂਪ ਵਿਚ ਸੰਮੇਲਨ ਵਿਚ ਹਿੱਸਾ ਲਿਆ। ਮੋਦੀ ਨੇ ਕਿਹਾ ਕਿ ਜੀ20 ਦੀ ਪ੍ਰਧਾਨਗੀ ਦੌਰਾਨ ਵੀ ਭਾਰਤ ਨੇ ਆਲਮੀ ਭਵਿੱਖ ਲਈ ਇਕ ਰੂਪ-ਰੇਖਾ ਉਪਲੱਬਧ ਕਰਵਾਈ ਤੇ ਇਹ ਸਿਖਰ ਸੰਮੇਲਨ ਉਸੇ ਨਜ਼ਰੀਏ ਨੂੰ ਅੱਗੇ ਲਿਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਭਾਰਤ ਆਈ2ਯੂ2 ਗਰੁੱਪ (ਭਾਰਤ, ਇਜ਼ਰਾਈਲ, ਯੂਏਈ ਤੇ ਅਮਰੀਕਾ) ਤੇ ਹੋਰ ਬਹੁ-ਪੱਖੀ ਸੰਗਠਨਾਂ ਦੇ ਨਾਲ ਆਪਣੀ ਭਾਈਵਾਲੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਮੁਕਤ ਵਪਾਰ ਸਮਝੌਤਿਆਂ ਉਤੇ ਹਸਤਾਖ਼ਰ ਕਰਨ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਵਿਚੋਂ ਇਕ ਯੂਏਈ ਦੇ ਨਾਲ ਹੈ। ਉਨ੍ਹਾਂ ਐੱਫਡੀਆਈ ਲਈ ਦਰਵਾਜ਼ੇ ਖੋਲ੍ਹਣ ਤੇ ਬੁਨਿਆਦੀ ਢਾਂਚੇ ਵਿਚ ਭਾਰਤ ਦੇ ਨਿਵੇਸ਼ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਹਾਜ਼ਰਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਨਰਿੰਦਰ ਮੋਦੀ ਭਾਰਤ ਦੇ ਸਭ ਤੋਂ ਸਫ਼ਲ ਪ੍ਰਧਾਨ ਮੰਤਰੀ ਹਨ ਤੇ ਮੌਜੂਦਾ ਪੀੜ੍ਹੀ ਦੇ ਮਹਾਨ ਆਲਮੀ ਆਗੂ ਵੀ ਹਨ। ਸੰਮੇਲਨ ਦੌਰਾਨ ਗੌਤਮ ਅਡਾਨੀ ਨੇ ਗੁਜਰਾਤ ’ਚ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ।ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਭਰੋਸਾ ਜਤਾਇਆ ਕਿ ਭਾਰਤ ਵਿੱਤੀ ਵਰ੍ਹੇ 2027-28 ਤੱਕ ਪੰਜ ਲੱਖ ਕਰੋੜ ਡਾਲਰ ਤੋਂ ਵੱਧ ਜੀਡੀਪੀ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ ਤੇ ਸਾਲ 2047 ਤੱਕ 30 ਲੱਖ ਕਰੋੜ ਰੁਪਏ ਦੀ ਜੀਡੀਪੀ ਦੇ ਨਾਲ ਇਕ ਵਿਕਸਤ ਮੁਲਕ ਹੋਵੇਗਾ। ਸੀਤਾਰਾਮਨ ਨੇ ਇੱਥੇ ਸੰਮੇਲਨ ਵਿਚ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 100 ਸਾਲ 2047 ਵਿਚ ਪੂਰੇ ਹੋਣ ਤੱਕ ਨਵੇਂ ਤੇ ਤੇਜ਼ੀ ਨਾਲ ਵਧਦੇ ਉਦਯੋਗਾਂ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਐੱਫਡੀਆਈ ਨੀਤੀ ਨੇ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਵਿਚ ਮਦਦ ਕੀਤੀ ਹੈ ਤੇ ਪਿਛਲੇ ਨੌਂ ਸਾਲਾਂ ਵਿਚ 595 ਅਰਬ ਡਾਲਰ ਦਾ ਨਿਵੇਸ਼ ਆਇਆ ਹੈ। -ਪੀਟੀਆਈ