ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ

ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ

ਜੈਪੁਰ-ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਉੱਚ ਲੀਡਰਸ਼ਿਪ ਦੀ ਹਾਜ਼ਰੀ ’ਚ ਕਰਵਾਏ ਗਏ ਸਮਾਗਮ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਭਜਨ ਲਾਲ ਨੇ ਅੱਜ ਆਪਣੇ ਜਨਮ ਦਿਨ ਮੌਕੇ ਅਹੁਦੇ ਦਾ ਹਲਫ ਲਿਆ। ਉਹ 57 ਸਾਲਾਂ ਦੇ ਹੋ ਗਏ ਹਨ। ਰਾਜਪਾਲ ਕਲਰਾਜ ਮਿਸ਼ਰਾ ਨੇ ਭਜਨ ਲਾਲ ਦੇ ਨਾਲ-ਨਾਲ ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਨੂੰ ਉੱਪ ਮੁੱਖ ਮੰਤਰੀ ਵਜੋਂ ਹਲਫ ਦਿਵਾਇਆ। ਇਨ੍ਹਾਂ ਤਿੰਨਾਂ ਨੇ ਹਿੰਦੀ ਵਿੱਚ ਸਹੁੰ ਚੁੱਕੀ। ਇੱਥੋਂ ਦੇ ਇਤਿਹਾਸਕ ਅਲਬਰਟ ਹਾਲ ਦੇ ਸਾਹਮਣੇ ਕਰਵਾਏ ਗਏ ਸਮਾਗਮ ’ਚ ਅਹੁਦਾ ਛੱਡ ਰਹੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਹਾਜ਼ਰ ਸਨ। ਇਸ ਮੌਕੇ ਭਾਜਪਾ ਵਿਧਾਇਕਾਂ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਆਰਐੱਸਐੱਸ ਦੀ ਹਮਾਇਤ ਹਾਸਲ ਆਗੂ ਸ਼ਰਮਾ ਨੂੰ 12 ਦਸੰਬਰ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ, ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਮੋਹਨ ਯਾਦਵ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਉੱਤਰ ਪ੍ਰਦੇਸ਼ ਦੇ ਉੱਪ ਮੁਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵੀ ਸਮਾਗਮ ’ਚ ਹਾਜ਼ਰੀ ਭਰੀ। ਦੇਸ਼ ਦੀਆਂ ਵੱਖ ਵੱਖ ਥਾਵਾਂ ਤੋਂ ਆਏ ਵੱਡੀ ਗਿਣਤੀ ਸਾਧੂ-ਸੰਤਾਂ ਨੇ ਵੀ ਸਮਾਗਮ ’ਚ ਸ਼ਮੂਲੀਅਤ ਕੀਤੀ। ਸ਼ਰਮਾ, ਦੀਆ ਕੁਮਾਰੀ ਤੇ ਬੈਰਵਾ ਨੇ ਜਦੋਂ ਅਹੁਦੇ ਦੀ ਸਹੁੰ ਚੁੱਕੀ ਤਾਂ ਭਾਜਪਾ ਹਮਾਇਤੀਆਂ ਨੇ ਪਾਰਟੀ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਭਰਤਪੁਰ ਜ਼ਿਲ੍ਹੇ ਨਾਲ ਸਬੰਧਤ ਭਜਨ ਲਾਲ ਸ਼ਰਮਾ ਨੇ ਜੈਪੁਰ ਦੇ ਸਾਂਗਨੇਰ ਹਲਕੇ ਤੋਂ 48,081 ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ਚੋਣ ਜਿੱਤੀ ਸੀ।