ਭਾਰਤ ਛੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ: ਮੋਦੀ

ਭਾਰਤ ਛੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ: ਮੋਦੀ

ਦੇਹਰਾਦੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਦੌਰਾਨ ਮੁਲਕ ਅਗਲੇ ਕੁਝ ਸਾਲਾਂ ’ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਲਈ ਤਿਆਰ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਕਿਹਾ ਕਿ ਉਹ ਉੱਤਰਾਖੰਡ ਦੀ ਵੱਖ ਵੱਖ ਸੈਕਟਰਾਂ ’ਚ ਅਸੀਮਤ ਸਮਰੱਥਾ ਦਾ ਲਾਹਾ ਲੈਂਦਿਆਂ ਉਸ ਨੂੰ ਮੌਕਿਆਂ ’ਚ ਤਬਦੀਲ ਕਰਨ। ਉਨ੍ਹਾਂ ਕਿਹਾ, ‘‘ਭਾਰਤੀ ਕੰਪਨੀਆਂ ਅਤੇ ਨਿਵੇਸ਼ਕਾਂ ਲਈ ਇਹ ਸਹੀ ਸਮਾਂ ਹੈ। ਭਾਰਤ ਕੁਝ ਹੀ ਸਾਲਾਂ ’ਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨ ਲਈ ਤਿਆਰ ਹੈ। ਮੇਰੇ ਤੀਜੇ ਕਾਰਜਕਾਲ ’ਚ ਅਜਿਹਾ ਹੋਣਾ ਤੈਅ ਹੈ।’’ ਇਥੇ ਜੰਗਲਾਤ ਖੋਜ ਇੰਸਟੀਚਿਊਟ ’ਚ ਉੱਤਰਾਖੰਡ ਆਲਮੀ ਨਿਵੇਸ਼ਕ ਸੰਮੇਲਨ ਦੇ ਉਦਘਾਟਨ ਮਗਰੋਂ ਉਹ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਅਧਿਆਤਮ ਅਤੇ ਵਿਕਾਸ ਦਾ ਸੁਮੇਲ ਹੈ। ‘ਕੁਦਰਤ, ਸੱਭਿਆਚਾਰ, ਵਿਰਾਸਤ-ਉੱਤਰਾਖੰਡ ’ਚ ਸਭ ਕੁਝ ਹੈ। ਤੁਸੀਂ ਉਸ ਦਾ ਲਾਹਾ ਲੈਂਦਿਆਂ ਮੌਕਿਆਂ ’ਚ ਤਬਦੀਲ ਕਰਨਾ ਹੈ।’ਕੇਦਾਰਨਾਥ ਦੇ ਦੌਰੇ ਸਮੇਂ ਦਿੱਤੇ ਗਏ ਆਪਣੇ ਬਿਆਨ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਸਦੀ ਦਾ ਤੀਜਾ ਦਹਾਕਾ ਉੱਤਰਾਖੰਡ ਦਾ ਹੈ ਅਤੇ ਇਹ ਭਵਿੱਖਬਾਣੀ ਸੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਅਭਿਲਾਸ਼ੀ ਭਾਰਤ ਦਾ ਉਭਾਰ ਦੇਖਿਆ ਗਿਆ ਹੈ। ਮੋਦੀ ਨੇ ਮਹਿਲਾਵਾਂ ਦੇ ਸਵੈ-ਸਹਾਇਤਾ ਗਰੁੱਪਾਂ ਦੀ ਆਮਦਨ ਵਧਾਉਣ ਲਈ ਬ੍ਰਾਂਡ ‘ਹਾਊਸ ਆਫ਼ ਹਿਮਾਲਿਆਜ਼’ ਦੀ ਵੀ ਸ਼ੁਰੂਆਤ ਕੀਤੀ। ਬ੍ਰਾਂਡ ਦੀ ਸ਼ੁਰੂਆਤ ਲਈ ਸੂਬਾ ਸਰਕਾਰ ਨੂੰ ਵਧਾਈ ਦਿੰਦਿਆਂ ਮੋਦੀ ਨੇ ਕਿਹਾ ਕਿ ਉਹ ਵੋਕਲ ਫਾਰ ਲੋਕਲ ਅਤੇ ਲੋਕਲ ਤੋਂ ਗਲੋਬਲ ਦੀ ਧਾਰਨਾ ਨੂੰ ਪੂਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੋ ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਉਨ੍ਹਾਂ ਦਾ ਅਹਿਦ ਆਉਂਦੇ ਸਮੇਂ ’ਚ ਪੂਰਾ ਹੋ ਜਾਵੇਗਾ।ਸੰਮੇਲਨ ’ਚ 2.5 ਲੱਖ ਕਰੋੜ ਰੁਪਏ ਦੇ ਸਮਝੌਤਿਆਂ (ਐੱਮਓਯੂ) ’ਤੇ ਦਸਤਖ਼ਤ ਹੋਣੇ ਸਨ ਪਰ ਇਸ ਟੀਚੇ ਨੂੰ ਇਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਰ ਕਰ ਲਿਆ ਗਿਆ। ਹੁਣ ਤੱਕ ਤਿੰਨ ਲੱਖ ਕਰੋੜ ਰੁਪਏ ਦੇ ਐੱਮਓਯੂ ਹੋ ਚੁੱਕੇ ਹਨ। ਨਿਵੇਸ਼ਕ ਸੰਮੇਲਨ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਲੰਡਨ, ਬਰਮਿੰਘਮ, ਦੁਬਈ ਅਤੇ ਅਬੂ ਧਾਬੀ ’ਚ ਰੋਡ ਸ਼ੋਅ ਕੀਤੇ ਸਨ।