
ਮਲਵਾਨ (ਮਹਾਰਾਸ਼ਟਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਹਥਿਆਰਬੰਦ ਬਲਾਂ ਵਿੱਚ ਔਰਤਾਂ ਦੀ ਗਿਣਤੀ ਵਧਾਉਣ ਲਈ ਪ੍ਰਤੀਬੱਧ ਹੈ। ਉਹ ਅੱਜ ਮੁੰਬਈ ਤੋਂ 500 ਕਿਲੋਮੀਟਰ ਦੂਰ ਸਮੁੰਦਰੀ ਕੰਢੇ ਸਥਿਤ ਜ਼ਿਲ੍ਹਾ ਸਿੰਧੂਦੁਰਗ ਦੇ ਕਸਬਾ ਮਲਵਾਨ ਵਿੱਚ ਜਲ ਸੈਨਾ ਦਿਵਸ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਅਸੀਂ ਹਥਿਆਰਬੰਦ ਬਲਾਂ ਵਿੱਚ ਔਰਤਾਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਵਿੱਚ ਰੈਂਕ ਦਾ ਨਾਮ ਭਾਰਤੀ ਸੰਸਕ੍ਰਿਤੀ ਦੇ ਅਨੁਸਾਰ ਰੱਖਿਆ ਜਾਵੇਗਾ। ਉਨ੍ਹਾਂ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੀ ਦੂਰਦ੍ਰਿਸ਼ਟੀ ਅਤੇ ਯੁੱਧ ਰਣਨੀਤੀ ਲਈ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 17ਵੀਂ ਸਦੀ ਦੇ ਮਰਾਠਾ ਰਾਜਾ ਜਲ ਸੈਨਾ ਦੀ ਤਾਕਤ ਨੂੰ ਜਾਣਦੇ ਸਨ।ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਭਾਰਤ ਆਪਣੇ ਲਈ ਵੱਡੇ ਟੀਚੇ ਨਿਰਧਾਰਿਤ ਕਰ ਰਿਹਾ ਹੈ ਅਤੇ ਉਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਆਪਣੀ ਪੂਰੀ ਤਾਕਤ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬੰਦਰਗਾਹ ਆਧਾਰਿਤ ਵਿਕਾਸ ’ਤੇ ਪੂਰਾ ਧਿਆਨ ਦੇ ਰਿਹਾ ਹੈ ਅਤੇ ਮਰਚੈਂਟ ਸ਼ਿਪਿੰਗ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਲ ਸੈਲਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਕੋਟ ਜ਼ਿਲ੍ਹੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਤੋਂ ਪਰਦਾ ਹਟਾਇਆ। ਮਗਰੋਂ ਉਨ੍ਹਾਂ ਸਮੁੰਦਰੀ ਤੱਟ ’ਤੇ ਭਾਰਤੀ ਜਲ ਸੈਨਾ ਬੇੜੇ ਅਤੇ ਪਣਡੁੱਬੀਆਂ ਦੀਆਂ ਮਸ਼ਕਾਂ ਦੇਖੀਆਂ।