ਮਾਵਾਂ-ਧੀਆਂ ਦੀ ਮੌਜੂਦਗੀ ’ਚ ਗ਼ਲਤ ਸ਼ਬਦਾਵਲੀ ਵਰਤਣਾ ਮੰਦਭਾਗਾ: ਮੋਦੀ

ਮਾਵਾਂ-ਧੀਆਂ ਦੀ ਮੌਜੂਦਗੀ ’ਚ ਗ਼ਲਤ ਸ਼ਬਦਾਵਲੀ ਵਰਤਣਾ ਮੰਦਭਾਗਾ: ਮੋਦੀ

ਗੁਣਾ(ਮੱਧ ਪ੍ਰਦੇਸ਼)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਅਸੈਂਬਲੀ ਵਿੱਚ ਮਹਿਲਾਵਾਂ ਬਾਰੇ ‘ਅਪਮਾਨਜਨਕ’ ਟਿੱਪਣੀਆਂ ਦੇ ਹਵਾਲੇ ਨਾਲ ਅੱਜ ਸੂਬੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਨਤਿੀਸ਼ ਕੁਮਾਰ ਨੂੰ ਭੰਡਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਨੇ ਮਹਿਲਾਵਾਂ ਪ੍ਰਤੀ ਦਿਖਾਏ ਅਜਿਹੇ ‘ਅਨਾਦਰ’ ਲਈ ਅਜੇ ਤੱਕ ਇਕ ਸ਼ਬਦ ਨਹੀਂ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਹਿਲਾਵਾਂ ਦਾ ਸਤਿਕਾਰ ਯਕੀਨੀ ਬਣਾਉਣ ਲਈ ਜੋ ਕਰ ਸਕਦੇ ਹਨ, ਕਰਨਗੇ। ਇਥੇ ਮੱਧ ਪ੍ਰਦੇਸ਼ ਦੇ ਗੁਣਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਲੰਘੇ ਦਿਨ ਇੰਡੀਆ ਗੱਠਜੋੜ ਦੇ ਵੱਡੇ ਆਗੂਆਂ ਵਿੱਚੋਂ ਇਕ, ਜੋ ਗੱਠਜੋੜ ਦਾ ਝੰਡਾ ਚੁੱਕੀ ਫਿਰਦਾ ਹੈ ਤੇ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਲਾਂਭੇ ਕਰਨ ਲਈ ਵੱਖ ਵੱਖ ਖੇਡਾਂ ਖੇਡ ਰਿਹਾ ਹੈ, ਨੇ ਜਿਹੜੀ ਭਾਸ਼ਾ ਵਰਤੀ ਹੈ, ਉਸ ਬਾਰੇ ਕੋਈ ਵੀ ਅਸੈਂਬਲੀ ਵਿੱਚ ਮਾਵਾਂ ਤੇ ਧੀਆਂ ਦੀ ਮੌਜੂਦਗੀ ਵਿਚ ਨਹੀਂ ਸੋਚ ਸਕਦਾ…ਉਨ੍ਹਾਂ ਨੂੰ ਇਹ ਕਹਿੰਦਿਆਂ ਸ਼ਰਮ ਵੀ ਨਹੀਂ ਆਈ।’’ ਸ੍ਰੀ ਮੋਦੀ ਨੇ ਕਿਹਾ, ‘‘ਜਿਨ੍ਹਾਂ ਦਾ ਨਜ਼ਰੀਆ ਇਹੋ ਜਿਹਾ ਹੈ, ਉਹ ਤੁਹਾਡੇ ਮਾਣ ਤੇ ਸਤਿਕਾਰ ਨੂੰ ਕਿਵੇਂ ਬਰਕਰਾਰ ਰੱਖਣਗੇ? ਉਹ ਹੋਰ ਕਿੰਨਾ ਹੇਠਾਂ ਡਿੱਗਣਗੇ? ਦੇਸ਼ ਲਈ ਇਹ ਮੰਦਭਾਗੇ ਹਾਲਾਤ ਹਨ। ਮੈਂ ਤੁਹਾਡਾ ਮਾਣ-ਸਤਿਕਾਰ ਯਕੀਨੀ ਬਣਾਉਣ ਲਈ ਸਭ ਕੁਝ ਕਰਾਂਗਾ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ, ‘‘ਉਨ੍ਹਾਂ(ਨਤਿੀਸ਼ ਕੁਮਾਰ) ਨੂੰ ਕੋਈ ਸ਼ਰਮ ਨਹੀਂ ਹੈ। ਇਹੀ ਨਹੀਂ, ਇੰਡੀਆ ਗੱਠਜੋੜ ਦੇ ਕਿਸੇ ਆਗੂ ਨੇ ਮਹਿਲਾਵਾਂ ਪ੍ਰਤੀ ਇੰਨੇ ਵੱਡੇ ਅਨਾਦਰ ਦੇ ਬਾਵਜੂਦ ਇਕ ਸ਼ਬਦ ਨਹੀਂ ਬੋਲਿਆ।’’ ਉਨ੍ਹਾਂ ਕਿਹਾ, ‘‘ਜੋ ਲੋਕ ਮਾਵਾਂ ਤੇ ਧੀਆਂ ਖਿਲਾਫ਼ ਅਜਿਹੀ ਸੋਚ ਰੱਖਦੇ ਹਨ, ਕੀ ਉਹ ਕੋਈ ਚੰਗਾ ਕੰਮ ਕਰ ਸਕਦੇ ਹਨ? ਮਾਤਾਵਾਂ ਤੇ ਭੈਣਾਂ, ਤੁਹਾਡੇ ਮਾਣ ਸਤਿਕਾਰ ਲਈ ਮੈਂ ਜੋ ਕਰ ਸਕਦਾ ਹਾਂ, ਕਰਾਂਗਾ।’’