ਮੋਦੀ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਆਗਾਜ਼ ਕੀਤਾ

ਮੋਦੀ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਆਗਾਜ਼ ਕੀਤਾ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ 13 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਥੇ ਦਵਾਰਕਾ ’ਚ 5400 ਕਰੋੜ ਰੁਪਏ ਦੀ ਲਾਗਤ ਵਾਲੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ‘ਯਸ਼ੋਭੂਮੀ’ ਦੇ ਪਹਿਲੇ ਪੜਾਅ ਦਾ ਉਦਘਾਟਨ ਵੀ ਕੀਤਾ। ਮੋਦੀ ਨੇ ਕਿਹਾ,‘‘ਅੱਜ ਮੈਂ ਦੇਸ਼ ਦੇ ਹਰੇਕ ਕਿਰਤੀ, ਹਰੇਕ ਵਿਸ਼ਵਕਰਮਾ ਨੂੰ ਯਸ਼ੋਭੂਮੀ ਸਮਰਪਿਤ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਅੱਜ ਦੇਸ਼ ’ਚ ਅਜਿਹੀ ਸਰਕਾਰ ਹੈ ਜੋ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਮੌਕੇ ਟੂਲਕਿਟ ਈ-ਬੁਕਲੈੱਟ ਦੇ ਨਾਲ 18 ਰਵਾਇਤੀ ਕੰਮਾਂ ਨੂੰ ਕਵਰ ਕਰਨ ਵਾਲੀ 18 ਸਟੈਂਪ ਸ਼ੀਟਾਂ ਤੋਂ ਵੀ ਪਰਦਾ ਉਠਾਇਆ ਜਿਨ੍ਹਾਂ ’ਤੇ ਇਸ ਯੋਜਨਾ ਤਹਿਤ ਕਵਰ ਕੀਤੇ ਗਏ ਕਿਰਤੀ ਸ਼ਾਮਲ ਹਨ। ਮੋਦੀ ਨੇ ਇਥੇ ਆਏ ਕਾਰੀਗਰਾਂ ਵੱਲੋਂ ਲਾਏ ਗਏ ਪੰਡਾਲ ਦਾ ਦੌਰਾ ਕਰਕੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਯਸ਼ੋਭੂਮੀ ’ਚ ਇਕੱਠ ਨੂੰ ਵਿਸ਼ਵਕਰਮਾ ਯੋਜਨਾ ਦੇ ਵੇਰਵੇ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਕਿਹਾ ਕਿ ਉਹ ਜੀਐੱਸਟੀ ਰਜਿਸਟਰੇਸ਼ਨ ਵਾਲੀਆਂ ਦੁਕਾਨਾਂ ਤੋਂ ਹੀ ਭਾਰਤ ’ਚ ਬਣੀਆਂ ਟੂਲਕਿੱਟਾਂ ਖ਼ਰੀਦਣ। ਸਰਕਾਰ ਦੇ ‘ਵੋਕਲ ਫਾਰ ਲੋਕਲ’ ਨਜ਼ਰੀਏ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਗਣੇਸ਼ ਚਤੁਰਥੀ, ਧਨਤੇਰਸ ਅਤੇ ਦੀਵਾਲੀ ਸਮੇਤ ਹੋਰ ਆਉਂਦੇ ਤਿਉਹਾਰਾਂ ਦੌਰਾਨ ਸਥਾਨਕ ਉਤਪਾਦਾਂ ਨੂੰ ਹੀ ਖ਼ਰੀਦਣ। ਮੋਦੀ ਨੇ ਕਿਹਾ ਕਿ ਕਾਨਫਰੰਸ ਟੂਰਿਜ਼ਮ ਅੰਦਾਜ਼ਨ 25 ਲੱਖ ਕਰੋੜ ਰੁਪਏ ਦਾ ਹੈ ਅਤੇ ਭਾਰਤ ਲਈ ਇਹ ਵੱਡਾ ਮੌਕਾ ਹੈ। ‘ਯਸ਼ੋਭੂਮੀ ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਲਾਉਣ ਲਈ ਮੁਕੰਮਲ ਥਾਂ ਹੈ ਅਤੇ ਇਸ ਨਾਲ ਕਈ ਲੱਖ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।’ ਪ੍ਰਧਾਨ ਮੰਤਰੀ ਦੀ ਅਗਵਾਈ ਹੇਠਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਪਿਛਲੇ ਮਹੀਨੇ ਪੀਐੱਮ ਵਿਸ਼ਵਕਰਮਾ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਸੀ ਜਿਸ ਲਈ ਪੰਜ ਸਾਲਾਂ ਲਈ 13 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।

ਯੋਜਨਾ ਤਹਿਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ, ਪੰਜ ਫ਼ੀਸਦੀ ਵਿਆਜ ’ਤੇ ਇਕ ਅਤੇ ਦੋ ਲੱਖ ਰੁਪਏ ਦੀਆਂ ਦੋ ਕਿਸ਼ਤਾਂ ’ਤੇ ਪੈਸਾ ਪ੍ਰਦਾਨ ਕੀਤਾ ਜਾਵੇਗਾ। ਯੋਜਨਾ ਦਾ ਲਾਭ 18 ਰਵਾਇਤੀ ਕੰਮਾਂ ਨੂੰ ਮਿਲੇਗਾ ਜਿਨ੍ਹਾਂ ’ਚ ਤਰਖਾਣ, ਕਿਸ਼ਤੀਆਂ ਬਣਾਉਣ ਵਾਲੇ, ਲੁਹਾਰ, ਤਾਲੇ ਬਣਾਉਣ ਵਾਲੇ, ਸੁਨਿਆਰ, ਘੁਮਿਆਰ, ਮੂਰਤੀਕਾਰ, ਸ਼ਿਲਪਕਾਰ, ਮੋਚੀ, ਮਿਸਤਰੀ, ਟੋਕਰੀਆਂ ਆਦਿ ਬੁਣਨ ਵਾਲੇ, ਖਿਡੌਣੇ ਬਣਾਉਣ ਵਾਲੇ, ਨਾਈ, ਹਾਰ ਪਿਰੋਣ ਵਾਲੇ, ਧੋਬੀ, ਦਰਜੀ ਅਤੇ ਮੱਛੀਆਂ ਫੜਨ ਵਾਲੇ ਜਾਲ ਬਣਾਉਣ ਵਾਲੇ ਸ਼ਾਮਲ ਹਨ।