ਐੱਨਡੀਏ ਵਿੱਚ ਆਉਣਾ ਚਾਹੁੰਦੇ ਸਨ ਕੇਸੀਆਰ, ਮੈਂ ਨਹੀਂ ਆਉਣ ਦਿੱਤਾ : ਮੋਦੀ

ਐੱਨਡੀਏ ਵਿੱਚ ਆਉਣਾ ਚਾਹੁੰਦੇ ਸਨ ਕੇਸੀਆਰ, ਮੈਂ ਨਹੀਂ ਆਉਣ ਦਿੱਤਾ : ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਐੱਨਡੀਏ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਉਨ੍ਹਾਂ ਮੁੱਖ ਮੰਤਰੀ ਦੀ ਬੇਨਤੀ ਨਹੀਂ ਮੰਨੀ। ਮੋਦੀ ਦੇ ਇਸ ਬਿਆਨ ਤੋਂ ਬਾਅਦ ਚੋਣਾਂ ਵਾਲੇ ਸੂਬੇ ਤਿਲੰਗਾਨਾ ’ਚ ਸਿਆਸੀ ਮਾਹੌਲ ਪੂਰਾ ਭਖਣ ਦੀ ਸੰਭਾਵਨਾ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਓ ਨੇ ਇਹ ਇੱਛਾ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ (2020) ਤੋਂ ਬਾਅਦ ਜ਼ਾਹਿਰ ਕੀਤੀ ਸੀ, ਪਰ ਉਨ੍ਹਾਂ (ਮੋਦੀ) ਮੁੱਖ ਮੰਤਰੀ ਨੂੰ ਉਨ੍ਹਾਂ ਦੇ ‘ਕਰਮਾਂ’ ਦਾ ਹਵਾਲਾ ਦੇ ਕੇ ਨਾਂਹ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਕਾਰਨ ‘ਬੀਆਰਐੱਸ’ ਪ੍ਰਧਾਨ ਉਨ੍ਹਾਂ ਨਾਲ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਰਾਓ ਰਾਜ ਵਿਚ ਪ੍ਰਧਾਨ ਮੰਤਰੀ ਦੇ ਦੌਰੇ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਦੇ ਪ੍ਰੋਟੋਕੋਲ ਦਾ ਪਾਲਣ ਨਹੀਂ ਕਰ ਰਹੇ ਹਨ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਬੀਆਰਐੱਸ ਦੇ ਵਰਕਿੰਗ ਪ੍ਰਧਾਨ ਕੇਟੀ ਰਾਮਾ ਰਾਓ ਨੇ ਕਿਹਾ ਕਿ ਕੇਂਦਰ ਦਾ ਸੱਤਾਧਾਰੀ ਗੱਠਜੋੜ ‘ਐੱਨਡੀਏ’ ਇਕ ਡੁੱਬਦਾ ਹੋਇਆ ਜਹਾਜ਼ ਹੈ, ਤੇ ਪਾਰਟੀ ਨੇ ਕਦੇ ਵੀ ਇਸ ਵਿੱਚ ਸ਼ਾਮਲ ਹੋਣ ਦੀ ਇੱਛਾ ਨਹੀਂ ਜਤਾਈ। ਦੱਸਣਯੋਗ ਹੈ ਕਿ ਰਾਮਾ ਰਾਓ, ਕੇਸੀਆਰ ਦੇ ਪੁੱਤਰ ਹਨ। ਸੂਬੇ ਦੇ ਨਿਜ਼ਾਮਾਬਾਦ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਅੱਜ ਮੁੱਖ ਮੰਤਰੀ ਰਾਓ ਦੇ ਵਿਹਾਰ ਨਾਲ ਜੁੜਿਆ ਇਕ ਭੇਤ ਜ਼ਾਹਿਰ ਕਰਨਾ ਚਾਹੁੰਦਾ ਹਾਂ। ਪੱਤਰਕਾਰ ਵੀ ਜਾਂਚ ਸਕਦੇ ਹਨ ਜੋ ਮੈਂ ਕਹਿਣ ਜਾ ਰਿਹਾ ਹਾਂ। ਇਹ ਸੌ ਫੀਸਦ ਸੱਚ ਹੈ। ਜਦ ਹੈਦਰਾਬਾਦ ਨਿਗਮ ਚੋਣਾਂ ਹੋਈਆਂ, ਭਾਜਪਾ ਨੇ 48 ਸੀਟਾਂ ਜਿੱਤੀਆਂ। ਕਿਸੇ ਨੂੰ ਬਹੁਮਤ ਨਹੀਂ ਮਿਲਿਆ। ਕੇਸੀਆਰ ਨੂੰ ਨਿਗਮ ਵਿਚ ਸਮਰਥਨ ਦੀ ਲੋੜ ਸੀ। ਤੁਸੀਂ ਦੇਖਿਆ ਹੋਵੇਗਾ ਕਿ ਨਿਗਮ ਚੋਣਾਂ ਹੋਣ ਤੱਕ ਕਵਿੇਂ ਕੇਸੀਆਰ ਉਨ੍ਹਾਂ ਨੂੰ ਹਵਾਈ ਅੱਡੇ ਉਤੇ ਲੈਣ ਆਉਂਦੇ ਸਨ ਤੇ ਹਾਰ ਪਾ ਕੇ ਸਵਾਗਤ ਕਰਦੇ ਸਨ। ਬਾਅਦ ’ਚ ਕੀ ਵਾਪਰਿਆ? ਉਹ ਐਨਾ ਗੁੱਸੇ ਕਿਉਂ ਹਨ? ਇਸ ਦਾ ਕਾਰਨ ਹੈ ਮੇਰਾ (ਮੋਦੀ ਦਾ) ਉਨ੍ਹਾਂ ਨੂੰ ਐੱਨਡੀਏ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰਨਾ।’ ਪ੍ਰਧਾਨ ਮੰਤਰੀ ਨੇ ਕਿਹਾ, ‘ਨਿਗਮ ਚੋਣਾਂ ਦੇ ਨਤੀਜੇ ਮਗਰੋਂ ਕੇਸੀਆਰ ਉਨ੍ਹਾਂ ਨੂੰ ਮਿਲਣ ਦਿੱਲੀ ਆਏ ਸਨ। ਇਸ ਮੌਕੇ ਉਨ੍ਹਾਂ ਮੇਰੀਆਂ ਸਿਫ਼ਤਾਂ ਕੀਤੀਆਂ ਤੇ ਐੱਨਡੀਏ ਵਿਚ ਆਉਣ ਦੀ ਇੱਛਾ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨਗਰ ਨਿਗਮ ਲਈ ਸਮਰਥਨ ਵੀ ਮੰਗਿਆ। ਪਰ ਮੈਂ ਇਸ ਨੂੰ ਠੁਕਰਾ ਦਿੱਤਾ।’ ਪ੍ਰਧਾਨ ਮੰਤਰੀ ਨੇ ਅੱਜ ਤਿਲੰਗਾਨਾ ਵਿਚ 8 ਹਜ਼ਾਰ ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਕਈਆਂ ਦਾ ਉਦਘਾਟਨ ਵੀ ਕੀਤਾ।